ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਸਤੰਬਰ
ਇਥੋਂ ਨੇੜਲੇ ਪਿੰਡ ਗਿੱਲ ਅਤੇ ਪਿੰਡ ਜੈ ਸਿੰਘ ਵਾਲਾ ’ਚ ਦੋ ਪਿੰਡਾਂ ਦੀ ਸਾਂਝੀ ਸਹਿਕਾਰੀ ਸਭਾ ਦੀ ਅੱਜ ਚੋਣ ਮੌਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰਿਵਾਇਤੀ ਪਾਰਟੀ ਸਮਰਥਕਾਂ ਦੀ ਨਾਮਜ਼ਦਗੀ ਨਾ ਹੋ ਸਕੀ ਅਤੇ ਚੋਣ ਸਥਾਨ ਦਾ ਗੇਟ ਬੰਦ ਕਰ ਲਿਆ ਗਿਆ। ਲੋਕਾਂ ਨੇ ਗੇਟ ਖੁਲ੍ਹਵਾਉਣ ਲਈ ਗੇਟ ’ਚ ਇੱਟਾਂ ਰੋੜੇ ਵੀ ਮਾਰੇ ਤੇ ਸਥਿੱਤੀ ਤਣਾਅ ਪੂਰਨ ਬਣ ਗਈ ਤਾ ਪਿੰਡ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਇਸ ਮੌਕੇ ਚੋਣ ਲੜਨ ਦੇ ਚਾਹਵਾਨ ਜਗਮੋਹਣ ਸਿੰਘ ਤੇ ਰਾਜਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਗੇਟ ਬੰਦ ਕਰ ਲੈਣ ਨਾਲ ਉਹ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਸਿਆਸੀ ਦਖ਼ਲ ਕਰਨ ਪਿੰਡ ’ਚ ਧੜੇਬੰਦੀ ਬਣੀ ਹੈ। ਇਸ ਮੌਕੇ ਮੌਜੂਦ ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਫੋਰਸ ਅਮਨ ਕਾਨੂੰਨ ਕਾਇਮ ਰੱਖਣ ਲਈ ਤਾਇਨਾਤ ਕੀਤੀ ਗਈ ਹੈ। ਸਹਾਇਕ ਰਜਿਸਟਰਾਰ ਸਹਿਾਕਰੀ ਸਭਾਵਾਂ ਰਾਜਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧੱਕੇਸ਼ਾਹੀ ਆਦਿ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਉਹ ਅੱਜ ਪਹਿਲੇ ਦਿਨ ਹੀ ਇਥੇ ਆਏ ਹਨ ਉਨ੍ਹਾਂ ਕੋਲ ਜਿਲ੍ਹਾ ਰਜਿਸਟਰਾਰ, ਸਹਿਕਾਰੀ ਸਭਾਵਾਂ ਫ਼ਰੀਦਕੋਟ ਦਾ ਵਾਧੂ ਚਾਰਜ ਵੀ ਹੈ। ਇਸ ਮੌਕੇ ਬਾਘਾਪੁਰਾਣਾ ਤੋਂ ਹਲਕਾ ਇੰਚਾਰਜ਼ ਅਕਾਲੀ ਆਗੂ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਲੋਕਾਂ ਨੇ ਸਹਿਕਾਰੀ ਸਭਾ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧ ਬਾਵਜੂਦ ਹਾਕਮ ਧਿਰ ਦੇ ਮੈਂਬਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਹਾਕਮ ਧਿਰ ਨਾਲ ਜੁੜੇ ਆਗੂਆਂ ਨੂੰ ਪਹਿਲਾਂ ਹੀ ਅੰਦਰ ਬਿਠਾ ਲਿਆ ਗਿਆ ਸੀ ਪਰ ਵਿਰੋਧੀ ਉਮੀਦਵਾਰਾਂ ਨੂੰ ਗੇਟ ਬੰਦ ਕਰਕੇ ਨਾਮਜ਼ਦਗੀ ਨਹੀਂ ਭਰਨ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ’ਤੇ ਦਬਾਅ ਪਾ ਕੇ ਅਕਾਲੀ ਕਾਂਗਰਸੀ ਹਮਾਇਤੀਆਂ ਦੀ ਨਾਮਜ਼ਦਗੀ ਨਹੀਂ ਹੋਣ ਦਿੱਤੀ।