ਪੱਤਰ ਪ੍ਰੇਰਕ
ਫਗਵਾੜਾ, 9 ਸਤੰਬਰ
ਪਲਾਟ ਵਿੱਚੋਂ ਦਰੱਖਤ ਚੋਰੀ ਕਰਨ ਆਏ ਵਿਅਕਤੀਆਂ ਖ਼ਿਲਾਫ਼ ਸਿਟੀ ਪੁਲੀਸ ਨੇ ਧਾਰਾ 303(2), 317(2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ।
ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਵਾਸੀ ਬਾਬਾ ਗਧੀਆ ਸੁਖਚੈਨ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਹੁਸ਼ਿਆਰਪੁਰ ਰੋਡ ’ਤੇ ਸਥਿਤ ਆਪਣੇ ਪਲਾਟ ’ਚ ਗੇੜਾ ਮਾਰਨ ਲਈ ਆਇਆ ਤਾਂ ਦੇਖਿਆ ਕਿ ਦੋ ਵਿਅਕਤੀ ਉਸ ਦੇ ਪਲਾਟ ’ਚ ਬੇਰੀ ਦੇ ਦਰੱਖਤ ਵੱਢ ਰਹੇ ਸਨ ਜਿਨ੍ਹਾਂ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕੀਤਾ। ਇਸ ਸਬੰਧੀ ਪੁਲੀਸ ਨੇ ਰਜੀਵ ਕੁਮਾਰ ਉਰਫ਼ ਬੱਬਲੂ, ਸੰਜੀਵ ਕੁਮਾਰ ਉਰਫ਼ ਡੱਮਰੂ ਸੀਆਨ ਮੁਹੱਲਾ ਜੈਨੀਆ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਕੋਲੋਂ ਦੋ ਦਾਤਰ ਤੇ ਆਰਾ ਮਸ਼ੀਨ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਸਤਨਾਮਪੁਰਾ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨਿਲ ਵਾਸੀ ਹਦੀਆਬਾਦ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਲਵਲੀ ਯੂਨੀਵਰਸਿਟੀ ਵਿੱਚ ਟੈਕਨੀਸ਼ਨ ਦਾ ਕੰਮ ਕਰਦਾ ਹੈ ਅਤੇ 7 ਨਵੰਬਰ ਨੂੰ ਉਹ ਕੰਮ ’ਤੇ ਗਿਆ ਸੀ ਤੇ ਆਪਣਾ ਮੋਟਰਸਾਈਕਲ ਪਾਰਿੰਕਗ ’ਚ ਖੜ੍ਹਾ ਕੀਤਾ ਸੀ। ਜਦੋਂ ਵਾਪਸ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਜਿਸ ਸਬੰਧ ’ਚ ਪੁਲੀਸ ਨੇ ਬਲਵਿੰਦਰ ਰਾਮ ਉਰਫ਼ ਵਿਜੈ ਵਾਸੀ ਸਮਰਾੜੀ ਥਾਣਾ ਫ਼ਿਲੌਰ ਨੂੰ ਕਾਬੂ ਕਰਕੇ ਉਸ ਪਾਸੋਂ ਮੋਟਰਸਾਈਕਲ ਬਰਾਮਦ ਕੀਤਾ ਹੈ।