ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਸਤੰਬਰ
39ਵੇਂ ਰਾਸ਼ਟਰੀ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਤਹਿਤ ਨੇਤਰਦਾਨ ਐਸੋਸੀਏਸ਼ਨ ਵੱਲੋਂ ਹੁਸ਼ਿਆਰਪੁਰ ’ਚ ਸਮਾਗਮ ਕਰਵਾਇਆ ਗਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ। ਕੈਬਨਿਟ ਮੰਤਰੀ ਜਿੰਪਾ ਨੇ ਨੇਤਰਦਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ’ਚ ਬਣ ਰਹੇ ਮੈਡੀਕਲ ਕਾਲਜ ਵਿੱਚ ਦੇਸ਼ ਦਾ ਸਰਵੋਤਮ ਨੇਤਰਦਾਨ ਬੈਂਕ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਨੇਤਰਦਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇਤਰਦਾਨੀਆਂ ਦੇ ਪਰਿਵਾਰਾਂ ਅਤੇ ਮਰਨ ਉਪਰੰਤ ਸਰੀਰ ਦਾਨ ਕਰਨ ਕਰਨ ਦਾ ਪ੍ਰਣ ਲੈਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਨੇਤਰਦਾਨ ਸੰਸਥਾ ਦੇ ਸਕੱਤਰ ਬਲਜੀਤ ਸਿੰਘ ਪਨੇਸਰ ਨੇ ਸੰਸਥਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਸਰਪ੍ਰਸਤ ਪ੍ਰੋ. ਬਹਾਦੁਰ ਸਿੰਘ ਸੁਨੇਤ ਨੇ ਦੱਸਿਆ ਕਿ ਸੰਸਥਾ ਪਿਛਲੇ 25 ਸਾਲਾਂ ਤੋਂ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦਾ ਕੰਮ ਕਰ ਰਹੀ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਪੰਜਾਬ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਖਸ਼ੀ, ਸਿਵਲ ਸਰਜਨ ਡਾ. ਪਵਨ ਕੁਮਾਰ, ਸਤਵੰਤ ਸਿੰਘ ਸਿਆਣ, ਮਲਕੀਤ ਸਿੰਘ ਮਹੇੜੂ, ਸੰਤੋਸ਼ ਸੈਣੀ ਆਦਿ ਮੌਜੂਦ ਸਨ।