ਪੱਤਰ ਪ੍ਰੇਰਕ
ਰਤੀਆ, 9 ਸਤੰਬਰ
ਵਿਧਾਨ ਸਭਾ ਚੋਣਾਂ ਦੌਰਾਨ ਸ਼ਰਾਬ ਦੀ ਨਾਜਾਇਜ਼ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਕਰਦੇ ਹੋਏ ਪੁਲੀਸ ਨੇ ਅੱਜ ਇੱਥੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਰਤੀਆ ਤਹਿਤ ਆਉਣ ਵਾਲੀ ਬ੍ਰਾਹਮਣਵਾਲਾ ਪੁਲੀਸ ਚੌਕੀ ਦੀ ਟੀਮ ਐੱਸਆਈ ਮਹਾਵੀਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਪਿੰਡ ਨੰਗਲ ਵਿੱਚ ਭਾਖੜਾ ਨਹਿਰ ਪੁਲ ’ਤੇ ਮੌਜੂਦ ਸੀ। ਇਸੇ ਦੌਰਾਨ ਬਲਿਆਲਾ ਵੱਲੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਨੌਜਵਾਨ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਸਚਿਨ ਕੁਮਾਰ ਉਰਫ ਟਿੰਕੂ ਵਾਸੀ ਨੰਗਲ ਦੱਸਿਆ। ਪੁਲੀਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਪਲਾਸਟਿਕ ਦੇ ਥੈਲੇ ਵਿੱਚੋਂ 14 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈਆਂ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।