ਟੋਹਾਣਾ (ਗੁਰਦੀਪ ਸਿੰਘ ਭੱਟੀ):
ਇਨੋਲੈ-ਬਸਪਾ ਦੇ ਸਾਂਝੇ ਉਮੀਦਵਾਰ ਕਰਨ ਕੁਨਾਲ ਨੇ ਆਪਣੇ ਮਾਮੇ ਅਭੈ ਚੌਟਾਲਾ ਦੀ ਹਾਜ਼ਰੀ ਵਿੱਚ ਟੋਹਾਣਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਉਸ ਦੇ ਨਾਲ ਹਲਕੇ ਦੇ ਬਸਪਾ ਪਾਰਟੀ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਅਨਾਜ ਮੰਡੀ ਵਿੱਚ ਜਨ ਸਭਾ ਕੀਤੀ ਗਈ। ਇਸ ਵਿੱਚ ਅਭੈ ਚੌਟਾਲਾ ਨੇ ਕਾਂਗਰਸ ਤੇ ਭਾਜਪਾ ਦੇ 20 ਸਾਲਾ ਦੇ ਸਾਸ਼ਨ ਦੌਰਾਨ ਸਰਕਾਰੀ ਜਾਇਦਾਦ ਲੁੱਟਣ ਤੇ ਜਨਤਾ ’ਤੇ ਗਲਤ ਫੈਸਲੇ ਲਾਉਣ ਦੇ ਦੋਸ਼ ਲਾਏ। ਉਨ੍ਹਾਂ ਜਨ ਸਭਾ ਵਿੱਚ ਸ਼ਾਮਲ ਲੋਕਾਂ ਨੂੰ 15 ਲੱਖ ਖਾਤਿਆਂ ਵਿੱਚ ਆਉਣ, ਫ਼ਸਲਾਂ ’ਤੇ ਐੱਮਐੱਸਪੀ, ਦੋ ਕਰੋੜ ਨੌਕਰੀਆਂ ਬਾਰੇ ਸਵਾਲ ਪੁੱਛੇ। ਉਨ੍ਹਾਂ ਕਾਂਗਰਸ ’ਤੇ ਜ਼ਮੀਨ ਘੁਟਾਲੇ ਤੇ ਰੋਹਤਕ ਵਿੱਚ ਸਰਕਾਰੀ ਨੌਕਰੀਆਂ ਦੇਣ ਦੇ ਦੋਸ਼ ਲਾਏ। ਅਭੈ ਨੇ ਕਿਹਾ ਕਿ ਇਨੈਲੋ-ਬਸਪਾ ਦੀ ਸਰਕਾਰ ਬਨਣ ’ਤੇ ਬੁਢਾਪਾਂ ਪੈਨਸ਼ਨ 7500, ਕਰਜ਼ ਮੁਆਫ਼ੀ ਲਈ ਸਕੀਮ ਲਿਆਉਣ, ਹਰ ਘਰ ਵਿੱਚ ਸਰਕਾਰੀ ਨੌਕਰੀ ਦੇਣ, ਔਰਤਾਂ ਨੂੰ ਗੈਸ ਸਿਲੰਡਰ ਮੁਫ਼ਤ ਦੇਣ, ਗਰੀਬਾਂ ਨੂੰ ਪੱਕੇ ਮਕਾਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਇਨੈਲੋ ਦੀ ਸਰਕਾਰ ਬਨਣ ਦੇ ਪਹਿਲੇ ਦਿਨ ਪਹਿਲੀ ਕਲਮ ਨਾਲ ਚੋਣ ਵਾਅਦੇ ਪੂਰੇ ਕਰ ਦਿੱਤੇ ਜਾਣਗੇ।