ਪੱਤਰ ਪ੍ਰੇਰਕ
ਲਹਿਰਾਗਾਗਾ, 9 ਸਤੰਬਰ
ਪੰਜਾਬ ਕਾਂਗਰਸ ਦੇ ਮੀਡੀਆ ਕਨਵੀਨਰ ਦੁਰਲੱਭ ਸਿੰਘ ਸਿੱਧੂ ਨੇ ਇੱਥੇ ਵਾਰਡ ਨੰਬਰ ਅੱਠ ਦੇ ਵਸਨੀਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਲੋਕਾਂ ਨੇ ਕਾਂਗਰਸ ਆਗੂ ਨੂੰ ਵਾਰਡ ਦੇ ਜਵਾਹਰ ਵਾਲਾ ਰੋਡ ਨੇੜੇ ਸੜਕ ਦੇ ਨਾਲ ਬਣੇ ਨਾਲੇ ਦਾ ਪਾਣੀ ਮੀਂਹ ਦੌਰਾਨ ਓਵਰਫਲੋ ਹੋਣ ਦੀ ਸਮੱਸਿਆ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪਾਸੇ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਹੈ। ਜਦਕਿ ਉਨ੍ਹਾਂ ਨਗਰ ਕੌਂਸਲ ਤੋਂ ਨਕਸ਼ੇ ਪਾਸ ਕਰਵਾ ਕੇ ਘਰ ਉਸਾਰੇ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।
ਦੁਰਲੱਭ ਸਿੱਧੂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਕਿਹਾ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਨਹੀਂ ਫੇਰ ਉਹ ਲੋਕਾਂ ਲਈ ਸੰਘਰਸ਼ ਕਰਨਗੇ। ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਕਾਂਤਾ ਗੋਇਲ ਨੇ ਕਿਹਾ ਕਿ ਵਿਤਕਰੇਬਾਜ਼ੀ ਨਹੀਂ ਹੋਣ ਦੇਣਗੇ ਤੇ ਕੌਂਸਲ ਮੁਲਾਜ਼ਮਾਂ ਨੂੰ ਭੇਜ ਕੇ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਵਾਉਣਗੇ। ਇਸ ਮੌਕੇ ਅਵਤਾਰ ਸਿੰਘ ਤਾਰੀ, ਮਨਜੀਤ ਸਿੰਘ, ਬਿੰਦਰ ਗੋਇਲ, ਲਵਲੀ ਸਿੱਧੂ, ਤਰਨ ਖਰੌੜ, ਸਵਰਨ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ ਗੋਰਾ, ਰਾਮ ਸਿੰਘ, ਗੁਰਤੇਜ ਸਿੰਘ ਤੇ ਜੈ ਸਿੰਘ ਆਦਿ ਮੌਜੂਦ ਸਨ।