ਸਿਓਲ, 10 ਸਤੰਬਰ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਯੁੱਧ ਲਈ ਆਪਣੀ ਪਰਮਾਣੂ ਸ਼ਕਤੀ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਦਾ ਅਹਿਦ ਲਿਆ ਹੈ। ਸਰਕਾਰੀ ਮੀਡੀਆ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਕੋਰੀਆ ਨੇ ਨਵੇਂ ‘ਪਲੇਟਫਾਰਮ’ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਦੀ ਧਰਤੀ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੋਰ ਸ਼ਕਤੀਸ਼ਾਲੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਨੂੰ ਦਾਗ਼ਣ ਲਈ ਬਣਾਇਆ ਗਿਆ ਹੈ।
ਕਿਮ ਦੀ ਇਹ ਧਮਕੀ ਅਜਿਹੇ ਸਮੇਂ ਆਈ ਹੈ, ਜਦੋਂ ਮਾਹਿਰਾਂ ਦਾ ਮੰਨਣਾ ਹੈ ਕਿ ਨਵੰਬਰ ’ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੱਖਣੀ ਕੋਰੀਆ ਭੜਕਾਹਟ ਵਜੋਂ ਹਥਿਆਰਾਂ ਦਾ ਪ੍ਰੀਖਣ ਕਰੇਗਾ। ਹਾਲ ਹੀ ਵਿੱਚ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵੱਲ ਕੂੜਾ ਲਿਜਾਣ ਵਾਲੇ ਗੁਬਾਰੇ ਛੱਡਣੇ ਵੀ ਸ਼ੁਰੂ ਕਰ ਦਿੱਤੇ ਹਨ। ਆਪਣੀ ਸਰਕਾਰ ਦੀ ਸਥਾਪਨਾ ਦੀ 76ਵੀਂ ਵਰ੍ਹੇਗੰਢ ਮੌਕੇ ’ਤੇ ਦਿੱਤੇ ਭਾਸ਼ਣ ਵਿੱਚ ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ‘ਗੰਭੀਰ ਖ਼ਤਰਾ’ ਹੈ। ਉਨ੍ਹਾਂ ਨੇ ਅਮਰੀਕਾ ਦੀ ਅਗਵਾਈ ਵਾਲੇ ਖੇਤਰੀ ਫੌਜੀ ਗੱਠਜੋੜ ਨੂੰ ਪਰਮਾਣੂ ਅਧਾਰਤ ਗੱਠਜੋੜ ਵਿੱਚ ਤਬਦੀਲ ਹੋਣ ਵਾਲਾ ਕਰਾਰ ਦਿੱਤਾ। ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐੱਨਏ) ਮੁਤਾਬਕ, ਕਿਮ ਨੇ ਕਿਹਾ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਉੱਤਰੀ ਕੋਰੀਆ ਨੂੰ ਆਪਣੀ ਫੌਜੀ ਸਮਰੱਥਾ ਵਧਾਉਣ ਲਈ ਮਜਬੂਰ ਕਰਦਾ ਹੈ। -ਏਪੀ