ਨਵੀਂ ਦਿੱਲੀ, 10 ਸਤੰਬਰ
ਦਿੱਲੀ ਭਾਜਪਾ ਦੇ ਪ੍ਰਧਾਨ ਵਿਜੇਂਦਰ ਗੁਪਤਾ ਤੇ ਪਾਰਟੀ ਦੇ ਵਿਧਾਇਕਾਂ ਨੇ ਰਾਸ਼ਟਰਪਤੀ ਦਰੋਪਦੀ ਮੁੁਰਮੂ ਨੂੰ ਪੱਤਰ ਲਿਖ ਕੇ ਦਿੱਲੀ ’ਚ ਪੈਦਾ ਹੋਏ ਕਥਿਤ ਸੰਵਿਧਾਨਕ ਸੰਕਟ ਵਿੱਚ ‘ਜ਼ਰੂਰੀ ਤੌਰ ’ਤੇ ਦਖਲ’ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਰਾਸ਼ਟਰਪਤੀ ਮੁਰਮੂ ਤੋਂ ਮੰਗ ਕੀਤੀ ਕਿ ‘ਦਿੱਲੀ ਵਿੱਚ ‘ਆਪ’ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ। ਰਾਸ਼ਟਰਪਤੀ ਵੱਲੋਂ ਢੁੱਕਵੀ ਕਾਰਵਾਈ ਲਈ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ 30 ਅਗਸਤ ਨੂੰ ਦਿੱਲੀ ਵਿਧਾਨ ਸਭਾ ਦੇ ਮੈਂਬਰ ਵਿਜੇਂਦਰ ਗੁਪਤਾ ਦੀ ਅਗਵਾਈ ਹੇਠਲੇ ਵਫ਼ਦ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਦਿੱਲੀ ਵਿੱਚ ਕਥਿਤ ਸੰਵਿਧਾਨਕ ਸੰਕਟ ’ਚ ਦਖਲ ਦੇਣ ਦੀ ਮੰਗ ਕੀਤੀ ਸੀ। ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਕੰਮਕਾਜ ਸਬੰਧੀ ਕਈ ਚਿੰਤਾਵਾਂ ਨੂੰ ਉਭਾਰਦਿਆਂ ਮੰਗ ਪੱਤਰ ਸੌਂਪਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਵਿਜੇਂਦਰ ਗੁਪਤਾ ਨੇ ਕਿਹਾ, ‘ਦਿੱਲੀ ਵਿੱਚ ਲਗਾਤਾਰ ਸੰਵਿਧਾਨਕ ਉਲੰਘਣਾਵਾਂ ਅਤੇ ਸ਼ਾਸਨ ਦੇ ਨਾਕਾਮੀ ਕਾਰਨ ਮੇਰੇ ਨਾਲ ਸਾਰੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਸਰਕਾਰ ਦੀਆਂ ਨਾਕਾਮੀਆਂ ਸਬੰਧੀ ਪੱਤਰ ਸੌਂਪਿਆ। ਰਾਸ਼ਟਰਪਤੀ ਵੱਲੋਂ ਨੋਟਿਸ ਲੈਂਦਿਆਂ ਢੁੱਕਵੀਂ ਕਾਰਵਾਈ ਇਹ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਮੈਨੂੰ ਭਰੋਸਾ ਹੈ ਕਿ ‘ਆਪ’ ਸਰਕਾਰ ਵੱਲੋਂ ਢੁੱਕਵਾਂ ਕਦਮ ਚੁੱਕਿਆ ਜਾਵੇਗਾ, ਜੋ ਕਿ ਸੱਤਾ ਵਿੱਚ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ।’’ -ਏਐੱਨਆਈ