ਬਲਰਾਜ ਸਿੰਘ ਸਿੱਧੂ
ਪੁਲੀਸ ਮਹਿਕਮਾ ਅਜਿਹਾ ਇੱਕੋ ਇੱਕ ਸਰਕਾਰੀ ਵਿਭਾਗ ਹੈ ਜਿਸ ਵਿੱਚ ਰੋਜ਼ਾਨਾ ਨਵੇਂ ਤੋਂ ਨਵੇਂ ਕੰਮ ਗਲ ਪੈਂਦੇ ਹਨ। ਪੁਲੀਸ ਨੂੰ ਇਲਾਕੇ ਵਿੱਚ ਅਮਨ ਚੈਨ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਤੋਂ ਇਲਾਵਾ ਅਨੇਕਾਂ ਅਜਿਹੇ ਕੰੰਮ ਕਰਨੇ ਪੈਂਦੇ ਹਨ ਜਿਨ੍ਹਾਂ ਨਾਲ ਉਸ ਦਾ ਕੋਈ ਵਾਹ ਵਾਸਤਾ ਵੀ ਨਹੀਂ ਹੁੰਦਾ। ਧਰਨਾ-ਪ੍ਰਦਰਸ਼ਨ ਕਿਸੇ ਮੰਤਰੀ, ਡੀ.ਸੀ., ਬਿਜਲੀ ਬੋਰਡ ਜਾਂ ਸਿਹਤ ਵਿਭਾਗ ਆਦਿ ਦੇ ਖ਼ਿਲਾਫ਼ ਹੁੰਦਾ ਹੈ ਤੇ ਪੱਥਰਬਾਜ਼ੀ ਨਾਲ ਸਿਰ ਪੁਲੀਸ ਦੇ ਪਾਟ ਜਾਂਦੇ ਹਨ।
ਕਈ ਵਾਰ ਪੁਲੀਸ ਵਾਲਿਆਂ ਨਾਲ ਹਾਸੋਹੀਣੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। 1993 ਵਿੱਚ ਮੈਂ ਜ਼ਿਲ੍ਹਾ ਸੰਗਰੂਰ ਦੇ ਥਾਣੇ ਮੂਨਕ ਵਿਖੇ ਐੱਸਐੱਚਓ ਲੱਗਿਆ ਹੋਇਆ ਸੀ। ਮੂਨਕ ਹਰਿਆਣੇ ਦੀ ਹੱਦ ਨਾਲ ਲੱਗਦਾ ਸੀ ਜਿਸ ਕਾਰਨ ਉੱਥੇ ਭੁੱਕੀ ਦਾ ਧੰਦਾ ਬਹੁਤ ਚੱਲਦਾ ਸੀ। ਥਾਣਾ ਸਮਾਣਾ (ਜ਼ਿਲ੍ਹਾ ਪਟਿਆਲਾ) ਦੇ ਨਾਲ ਲੱਗਦੇ ਹਰਿਆਣੇ ਦੇ ਥਾਣੇ ਗੂਹਲਾ ਚੀਕਾ (ਜ਼ਿਲ੍ਹਾ ਕੈਥਲ) ਦੇ ਤਸਕਰ ਘੋੜੀਆਂ ’ਤੇ ਭੁੱਕੀ ਵੇਚਣ ਲਈ ਅਕਸਰ ਹੀ ਇਧਰ ਆਉਂਦੇ ਰਹਿੰਦੇ ਸਨ। ’ਕੱਲੇ ’ਕੱਲੇ ਤਸਕਰ ’ਤੇ ਦਰਜਨਾਂ ਮੁਕੱਦਮੇ ਦਰਜ ਸਨ, ਪਰ ਉਹ ਇਸ ਮੁਨਾਫ਼ਾਬਖ਼ਸ਼ ਧੰਦੇ ਤੋਂ ਨਹੀਂ ਸਨ ਟਲਦੇ ਤੇ ਖ਼ਾਸ ਤੌਰ ’ਤੇ ਪਟਿਆਲੇ ਦੇ ਥਾਣੇ ਸਮਾਣਾ, ਘੱਗਾ, ਪਾਤੜਾਂ, ਜੁਲਕਾਂ ਅਤੇ ਜ਼ਿਲ੍ਹਾ ਸੰਗਰੂਰ ਦੇ ਥਾਣੇ ਖਨੌਰੀ, ਮੂਨਕ, ਲਹਿਰਾਗਾਗਾ, ਸੁਨਾਮ, ਭਵਾਨੀਗੜ੍ਹ ਅਤੇ ਦਿੜ੍ਹਬਾ ਤੱਕ ਭੁੱਕੀ ਸਪਲਾਈ ਕਰਦੇ ਸਨ। ਉਹ ਇੰਨੇ ਵਿਗੜੇ ਹੋਏ ਸਨ ਕਿ ਇੱਕ ਦਫਾ ਇੱਕ ਸਿਪਾਹੀ ਨੇ ਇੱਕ ਤਸਕਰ ਦੀ ਘੋੜੀ ਦੀ ਲਗਾਮ ਫੜ ਲਈ ਤਾਂ ਉਸ ਨੇ ਕਿਰਪਾਨ ਮਾਰ ਕੇ ਉਸ ਦਾ ਕੰਨ ਹੀ ਵੱਢ ਦਿੱਤਾ ਸੀ।
ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਏਜੰਟ ਖ਼ਬਰ ਫੈਲਾ ਦਿੰਦੇ ਸਨ ਕਿ ਫਲਾਣੇ ਦਿਨ ਜਹਾਜ਼ ਉਤਰਨਾ (ਭੁੱਕੀ ਆਉਣੀ) ਹੈ। ਫਿਰ ਉਹ ਕਿਸੇ ਉਜਾੜ ਜਗ੍ਹਾ ’ਤੇ, ਜਿੱਥੇ ਪੁਲੀਸ ਦੀ ਗੱਡੀ ਨਾ ਜਾ ਸਕਦੀ ਹੋਵੇ, ਆਰਾਮ ਨਾਲ ਭੁੱਕੀ ਵੇਚਦੇ ਸਨ। ਕਈ ਵਾਰ ਪੁਲੀਸ ਵਾਲੇ ਸਿਵਲ ਕੱਪੜੇ ਪਹਿਨ ਕੇ ਤੇ ਅਮਲੀਆਂ ਵਿੱਚ ਰਲ ਕੇ ਤਸਕਰਾਂ ਨੂੰ ਢਾਹ ਲੈਂਦੇ ਸਨ ਪਰ ਉਨ੍ਹਾਂ ਨੇ ਇਸ ਮਸਲੇ ਦਾ ਵੀ ਹੱਲ ਲੱਭ ਲਿਆ ਸੀ। ਉਹ ਅਮਲੀਆਂ ਨੂੰ ਆਪਣੇ ਤੋਂ 50-60 ਮੀਟਰ ਦੂਰ ਖੜ੍ਹਾ ਲੈਂਦੇ ਸਨ ਤੇ ਫਿਰ ’ਕੱਲੇ ’ਕੱਲੇ ਨੂੰ ਨਜ਼ਦੀਕ ਆਉਣ ਦਿੰਦੇ ਤੇ ਭੁੱਕੀ ਲੈ ਕੇ ਦੂਰ ਜਾਣ ’ਤੇ ਹੀ ਦੂਜੇ ਵਿਅਕਤੀ ਨੂੰ ਕੋਲ ਆਉਣ ਦਿੰਦੇ ਸਨ। ਇਸ ਕਾਰਨ ਪੁਲੀਸ ਵਾਲੇ ਇਕੱਠੇ ਹੋ ਕੇ ਉਨ੍ਹਾਂ ’ਤੇ ਹਮਲਾ ਨਹੀਂ ਸਨ ਕਰ ਸਕਦੇ। ਗੋਲੀ ਤੋਂ ਉਹ ਡਰਦੇ ਨਹੀਂ ਸਨ ਕਿਉਂਕਿ ਇੱਕ ਦੋ ਥਾਵਾਂ ’ਤੇ ਪੁਲੀਸ ਭੁੱਕੀ ਤਸਕਰਾਂ ਨੂੰ ਗੋਲੀ ਮਾਰ ਬੈਠੀ ਸੀ ਤਾਂ ਬਾਅਦ ਵਿੱਚ ਬਹੁਤ ਵੱਡਾ ਅਦਾਲਤੀ ਪੰਗਾ ਪੈ ਗਿਆ ਸੀ। ਇੱਕ ਦਿਨ ਮੈਨੂੰ ਖ਼ਬਰ ਮਿਲੀ ਕਿ ਕੱਲ੍ਹ ਨੂੰ ਫਲਾਣੇ ਪਿੰਡ ਵਿੱਚ ਜਹਾਜ਼ ਉਤਰਨਾ ਹੈ। ਅਜਿਹੀਆਂ ਖ਼ਬਰਾਂ ਅਕਸਰ ਅਮਲੀ ਹੀ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਫੜੇ ਗਏ ਮਾਲ ਵਿੱਚੋਂ ਵਾਹਵਾ ਸਾਰੀ ਭੁੱਕੀ ਇਨਾਮ ਵਜੋਂ ਮੁਫ਼ਤ ਮਿਲ ਜਾਂਦੀ ਸੀ। ਅਗਲੇ ਦਿਨ ਦੱਸੇ ਹੋਏ ਸਮੇਂ ਮੁਤਾਬਿਕ ਮੈਂ ਅੱਠ-ਦਸ ਮੁਲਾਜ਼ਮ ਕੈਂਟਰ ਵਿੱਚ ਲੱਦ ਕੇ ਉਸ ਪਿੰਡ ਵੱਲ ਚਾਲੇ ਪਾ ਦਿੱਤੇ। ਸਰਦੀਆਂ ਦੇ ਦਿਨ ਸਨ ਤੇ ਸੁਵਖ਼ਤਾ ਹੋਣ ਕਾਰਨ ਸਾਰੇ ਪਾਸੇ ਧੁੰਦ ਛਾਈ ਪਈ ਸੀ। ਮੁਖ਼ਬਰ ਨੇ ਦੱਸਿਆ ਕਿ ਚਾਰ-ਪੰਜ ਤਸਕਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਭੁੱਕੀ ਵੇਚ ਰਹੇ ਹਨ। ਉਨ੍ਹਾਂ ਕੋਲ ਘੋੜੀਆਂ ਨਹੀਂ ਹਨ ਪਰ ਰਸਤਾ ਖਰਾਬ ਹੋਣ ਕਾਰਨ ਉੱਥੇ ਗੱਡੀ ਨਹੀਂ ਜਾ ਸਕਦੀ।
ਅਸੀਂ ਗੱਡੀ ਸਰਪੰਚ ਦੇ ਘਰ ਖੜ੍ਹੀ ਕੀਤੀ ਤੇ ਸ਼ਮਸ਼ਾਨਘਾਟ ਵੱਲ ਕੂਚ ਕਰ ਦਿੱਤਾ। ਧੁੰਦ ਕਾਰਨ ਦੂਰੋਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਅਸੀਂ ਹੌਲੀ ਹੌਲੀ ਅੱਗੇ ਵਧੇ ਪਰ ਜਦੋਂ ਉਹ 20-25 ਗਜ਼ ਦੀ ਦੂਰੀ ’ਤੇ ਰਹਿ ਗਏ ਤਾਂ ਉਨ੍ਹਾਂ ਦੀ ਨਿਗ੍ਹਾ ਸਾਡੇ ’ਤੇ ਪੈ ਗਈ ਤੇ ਉਹ ਇਕਦਮ ਭੁੱਕੀ ਸੁੱਟ ਕੇ ਭੱਜ ਨਿਕਲੇ। ਮੇਰੇ ਗੰਨਮੈਨ ਨੇ ਅਸਾਲਟ ਲਹਿਰਾ ਕੇ ਲਲਕਾਰਾ ਮਾਰਿਆ, ‘‘ਰੁਕ ਜਾਓ, ਨਹੀਂ ਤਾਂ ਆਈ ਜੇ ਗੋਲੀ।’’ ਉਨ੍ਹਾਂ ਵਿੱਚੋਂ ਇੱਕ ਬੰਦਾ ਕੁਝ ਜ਼ਿਆਦਾ ਹੀ ਹੰਢਿਆ ਵਰਤਿਆ ਬਦਮਾਸ਼ ਲੱਗਦਾ ਸੀ। ਉਹ ਗਾਲ੍ਹ ਕੱਢ ਕੇ ਬੋਲਿਆ,‘‘ਮਾਰ ਪਿਉ ਨੂੰ ਜੇ ਹਿੰਮਤ ਹੈਗੀ ਊ ਤੇ।’’ ਗਾਲ੍ਹ ਸੁਣ ਕੇ ਮੇਰਾ ਕਲੇਜਾ ਫੂਕਿਆ ਗਿਆ ਤੇ ਮੈਂ ਮੁਲਾਜ਼ਮਾਂ ਨੂੰ ਲਲਕਾਰਿਆ ਕਿ ਅੱਜ ਇਹ ਬਚ ਕੇ ਨਾ ਜਾਣ। ਸੜੇ ਬਲੇ ਮੁਲਾਜ਼ਮ ਉਨ੍ਹਾਂ ਦੇ ਪਿੱਛੇ ਪੈ ਗਏ ਪਰ ਰੋਜ਼ਾਨਾ ਦੇ ਗਿੱਝੇ ਫੁਰਤੀਲੇ ਤਸਕਰ ਪੁਲੀਸ ਦੇ ਹੱਥ ਨਾ ਆਏ।
ਜਲਦੀ ਹੀ ਪੁਲੀਸ ਪਾਰਟੀ ਦਾ ਸਾਹ ਫੁੱਲ ਗਿਆ ਤਾਂ ਇੱਕ ਖਿਝੇ ਖਪੇ ਹੌਲਦਾਰ ਨੇ ਛੋਟਾ ਵਾਇਰਲੈੱਸ ਸੈੱਟ (ਵਾਕੀ-ਟਾਕੀ) ਹੀ ਵਗਾਹ ਕੇ ਇੱਕ ਤਸਕਰ ਵੱਲ ਚਲਾ ਦਿੱਤਾ, ਪਰ ਉਸ ਨੇ ਮਹਿੰਦਰ ਸਿੰਘ ਧੋਨੀ ਵਾਂਗ ਵਾਕੀ-ਟਾਕੀ ਹਵਾ ਵਿੱਚ ਹੀ ਕੈਚ ਕਰ ਲਿਆ ਤੇ ਭੱਜ ਨਿਕਲਿਆ। ਇਹ ਵੇਖ ਕੇ ਸਾਰੀ ਪੁਲੀਸ ਪਾਰਟੀ ਦੇ ਰੰਗ ਉੱਡ ਗਏ। ਪੁਲੀਸ ਵਿਭਾਗ ਵਿੱਚ ਹਥਿਆਰ ਜਾਂ ਵਾਇਰਲੈੱਸ ਸੈੱਟ ਗੁੰਮ ਹੋ ਜਾਣਾ ਬਹੁਤ ਹੀ ਸੰਗੀਨ ਜੁਰਮ ਮੰਨਿਆ ਜਾਂਦਾ ਹੈ ਤੇ ਜੇ ਕਿਤੇ ਵਾਇਰਲੈੱਸ ਸੈੱਟ ਤਸਕਰ ਖੋਹ ਕੇ ਲੈ ਜਾਣ ਤਾਂ ਸ਼ਰਮ ਨਾਲ ਮਰਨ ਵਾਲੀ ਗੱਲ ਹੋ ਜਾਂਦੀ ਹੈ। ਇਕਦਮ ਪਾਸਾ ਪਲਟ ਗਿਆ ਤੇ ਸ਼ੇਰ ਵਾਂਗ ਦਹਾੜ ਰਹੀ ਪੁਲੀਸ ਪਾਰਟੀ ਬੱਕਰੀ ਬਣ ਗਈ। ਹੌਲਦਾਰ ਤਰਲੇ ਕੱਢਣ ਲੱਗ ਪਿਆ, ‘‘ਓ ਭਰਾ ਮੇਰਾ ਸੈੱਟ ਮੋੜ ਦੇ ਮੇਰੀ ਨੌਕਰੀ ਦਾ ਸਵਾਲ ਆ। ਤੁਸੀਂ ਸਾਡੇ ’ਲਾਕੇ ਵਿੱਚ ਭਾਵੇਂ ਹੋਰ ’ਜ੍ਹਾਜ ਲਾਹ ਲਿਉ।’’ ਪਰ ਉਹ ਉਸ ਦੇ ਤਰਲੇ ਅਣਸੁਣੇ ਕਰ ਕੇ ਹਿਰਨ ਹੋ ਗਿਆ। ਅਸੀਂ ਵੀ ਰੋਂਦੇ ਪਿੱਟਦੇ ਉਨ੍ਹਾਂ ਦੇ ਪਿੱਛੇ ਪਿੱਛੇ ਭੱਜਦੇ ਗਏ। ਅੱਧਾ ਕੁ ਕਿਲੋਮੀਟਰ ਅੱਗੇ ਜਾ ਕੇ ਇਹ ਵੇਖ ਸਾਡੀ ਜਾਨ ’ਚ ਜਾਨ ਆਈ ਕਿ ਤਸਕਰ ਵਾਕੀ-ਟਾਕੀ ਟਾਹਲੀ ਨਾਲ ਟੰਗ ਗਏ ਸਨ। ਹੌਲਦਾਰ ਨੇ ਭੱਜ ਕੇ ਸੈੱਟ ਲਾਹ ਲਿਆ। ਮੈਂ ਸਾਰੇ ਥਾਣੇ ਨੂੰ ਅੱਗੇ ਤੋਂ ਆਪਣੇ ਅਸਤਰ ਸ਼ਸਤਰ ਚੰਗੀ ਤਰ੍ਹਾਂ ਸੰਭਾਲਣ ਦੀ ਸਖ਼ਤ ਹਦਾਇਤ ਕੀਤੀ ਤੇ ਖ਼ੁਦ ਵੀ ਸਾਰੀ ਉਮਰ ਨੌਕਰੀ ਦੌਰਾਨ ਇਸ ਦੀ ਪਾਲਣਾ ਕੀਤੀ।
ਸੰਪਰਕ: 95011-00062