ਖ਼ੁਦਕੁਸ਼ੀ ਦਾ ਸੱਚ
10 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਛਪਿਆ ਲੇਖ ‘ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਆਤਮ ਹੱਤਿਆ ਅਥਵਾ ਖ਼ੁਦਕੁਸ਼ੀ ਦੇ ਸੱਚ ਨੂੰ ਬਿਆਨਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਮਸਲੇ ਨੂੰ ਠੱਲ੍ਹ ਕਿਵੇਂ ਪਵੇ? ਹਰ ਰੋਜ਼ ਅਖ਼ਬਾਰਾਂ ਵਿੱਚ ਖ਼ੁਦਕੁਸ਼ੀ ਦੀਆਂ ਖ਼ਬਰਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਪੱਤਰਕਾਰ ਖ਼ਬਰ ਭੇਜ ਕੇ, ਅਖ਼ਬਾਰ ਖ਼ਬਰ ਛਾਪ ਕੇ, ਪ੍ਰਸ਼ਾਸਨ ਅਥਵਾ ਸਰਕਾਰ ਖ਼ਬਰ ਪੜ੍ਹ ਕੇ ਤੇ ਦੋ-ਚਾਰ ਏਧਰ ਓਧਰ ਦੀਆਂ ਮਾਰ ਕੇ ਖ਼ਾਨਾਪੂਰਤੀ ਕਰ ਦਿੰਦਾ ਹੈ ਤੇ ਕਹਾਣੀ ਖ਼ਤਮ! ਅਗਲੇ ਦਿਨ ਫਿਰ ਅਜਿਹਾ ਕੁਝ ਵਾਪਰ ਜਾਂਦਾ ਹੈ। ਇਹ ਸਿਲਸਿਲਾ ਦਹਾਕਿਆਂ ਤੋਂ ਸ਼ੁਰੂ ਹੋਇਆ ਹੈ ਤੇ ਮੁੱਕਣ ਵਿੱਚ ਹੀ ਨਹੀਂ ਆਉਂਦਾ। ਸਾਡੇ ਆਲ੍ਹਾ ਅਫਸਰ, ਬੁੱਧੀਜੀਵੀਆਂ ਜਾਂ ਹੋਰ ਸਿਆਣਿਆਂ ਨੇ ਕਦੇ ਸੁਹਿਰਦਤਾ ਨਾਲ ਬੈਠ ਕੇ ਸੋਚਿਆ ਵਿਚਾਰਿਆ ਨਹੀਂ ਕਿ ਇਹ ਦਾ ਹੱਲ ਕਿਵੇਂ ਹੋਵੇ? ਸਭ ਹੱਥ ’ਤੇ ਹੱਥ ਰੱਖ ਕੇ, ਚੁੱਪ-ਚਾਪ ਇੱਕ ਦੂਜੇ ਦੇ ਮੂੰਹ ’ਤੇ ਪਈਆਂ ਝੁਰੜੀਆਂ ਦੇ ਵੱਟਾਂ ਦੀ ਗਿਣਤੀ-ਮਿਣਤੀ ਕਰ ਰਹੇ ਜਾਪਦੇ ਹਨ। ਆਤਮ ਹੱਤਿਆ ਦੇ ਅਨੇਕਾਂ ਕਾਰਨ ਹਨ, ਜਿਵੇਂ ਘਰੇਲੂ ਝਗੜੇ, ਰਿਸ਼ਤਿਆਂ ਦੀ ਅਣਬਣ, ਆਰਥਿਕ ਕਮਜ਼ੋਰੀ, ਬੈਂਕਾਂ ਅਥਵਾ ਆੜ੍ਹਤੀਆਂ ਦੇ ਬੇਹਿਸਾਬ ਕਰਜ਼ੇ, ਘਰੇਲੂ ਲੋੜਾਂ ਦੀ ਪੂਰਤੀ ਨਾ ਹੋਣੀ ਤੇ ਜਵਾਨ ਹੋ ਰਹੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਆਦਿ। ਨੌਜਵਾਨਾਂ ਵਿੱਚ ਖ਼ੁਦਕੁਸ਼ੀ ਦੇ ਕਾਰਨ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਾ ਮਿਲਣਾ, ਅੱਲੜ੍ਹ ਉਮਰ ਵਿੱਚ ਕੀਤੇ ਪਿਆਰ ਦੀ ਅਸਫਲਤਾ, ਪੜ੍ਹਾਈ ਵਿੱਚ ਨਾਕਾਮ ਰਹਿਣਾ, ਕਿਸੇ ਸੋਸ਼ਲ ਮੀਡੀਆ ਰਾਹੀਂ ਵਾਪਰੇ ਹਾਦਸੇ ਜਾਂ ਠੱਗੀ ਦਾ ਸ਼ਿਕਾਰ ਹੋ ਜਾਣਾ ਆਦਿ ਵੇਖਣ ਨੂੰ ਮਿਲਦੇ ਹਨ। ਕਈ ਵਾਰ ਕਿਸੇ ਜੂਨੀਅਰ ਮੁਲਾਜ਼ਮ ਨੂੰ ਵੱਡੇ ਅਫਸਰ ਵੱਲੋਂ ਤੰਗ ਕਰਨ ਕਰਕੇ ਵੀ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਜਿਨਸੀ ਸ਼ੋਸ਼ਣ ਜਾਂ ਬਲੈਕਮੇਲ ਵੀ ਕਾਰਨ ਬਣ ਜਾਂਦਾ ਹੈ। ਆਤਮ ਹੱਤਿਆ ਦੀ ਪ੍ਰਵਿਰਤੀ ਨੂੰ ਰੋਕਣ ਲਈ ਸਾਨੂੰ ਲੋਕਾਂ ਨੂੰ ਮਾਨਸਿਕ ਤੇ ਸਮਾਜਿਕ ਤੌਰ ’ਤੇ ਜਾਗਰੂਕ ਕਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਆਤਮ ਹੱਤਿਆ ਨੂੰ ਘੋਰ ਅਪਰਾਧ ਕਹਿ ਕੇ ਨਿੰਦਿਆ ਹੈ। ਖ਼ੁਦਕੁਸ਼ੀ ਕਰਨੀ ਇੱਕ ਮਾਨਸਿਕ ਕਮਜ਼ੋਰੀ ਹੈ। ਹਰ ਮਨੁੱਖ ਨੂੰ ਆਪਣੇ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ, ਦ੍ਰਿੜ੍ਹ ਇਰਾਦੇ ਨਾਲ ਜ਼ਿੰਦਗੀ ਜਿਊਣ ਦੀ ਇੱਛਾ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ। ਦੁੱਖਾਂ, ਕਲੇਸ਼ਾਂ ਜਾਂ ਪ੍ਰੇਸ਼ਾਨੀਆਂ ਨਾਲ ਘੁਟ ਘੁਟ ਕੇ ਮਰਨ ਨਾਲੋਂ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
ਬੀਤੇ ਸਮੇਂ ਦੀਆਂ ਯਾਦਾਂ
ਛੇ ਸਤੰਬਰ ਨੂੰ ਕਰਨੈਲ ਸਿੰਘ ਕੋਮਲ ਦਾ ਮਿਡਲ ਲੇਖ ‘ਤੂਤਾਂ ਵਾਲਾ ਖੂਹ’ ਤੂਤ ਦੀ ਛਾਂ ਵਾਂਗ ਮਾਣਿਆ। ਬੀਤਿਆ ਸਮਾਂ ਮਨੁੱਖ ਦੀ ਯਾਦ ਦਾ ਹਿੱਸਾ ਬਣ ਜਾਂਦਾ ਹੈ। ਕਈ ਯਾਦਾਂ ਅਮਿਟ ਹੁੰਦੀਆਂ ਹਨ, ਪਰ ਸਭ ਕੁਝ ਯਾਦ ਰੱਖਣਾ ਤਾਂ ਮਨੁੱਖੀ ਮਨ ਨੂੰ ਹੱਦ ਤੋਂ ਵੱਧ ਬੋਝਲ ਕਰਨ ਵਾਲਾ ਹੋਵੇਗਾ। ਖੂਹ ਦੇ ਜੀਵਨ ਵਿੱਚ ਆਈ ਤਬਦੀਲੀ ਨੂੰ ਦੋ ਵਾਕਾਂ ਨਾਲ ਸਾਕਾਰ ਕੀਤਾ ਜਾ ਸਕਦਾ ਹੈ- ‘ਸਾਡੇ ਖੂਹ ’ਤੇ ਵਸਦਾ ਰੱਬ ਨੀ, ਮਿੱਤਰਾਂ ਦੀ ਮੋਟਰ ’ਤੇ ਲੀੜੇ ਧੋਣ ਦੇ ਬਹਾਨੇ ਆ ਜਾ’!’ ਹੁਣ ਖੂਹ ਬੀਤੇ ਦੀ ਯਾਦ ਬਣ ਗਏ ਹਨ। ਉਹ ਵੀ ਇਸ ਕਰਕੇ ਅਜੇ ਦਿੱਖ ਵਜੂਦ ਵਿੱਚ ਹਨ ਕਿਉਂਕਿ ਖੂਹ ਨੂੰ ਖ਼ੁਆਜ਼ਾ ਪੀਰ ਮੰਨ ਕੇ ਬੰਦ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਸ ਦੀ ਇੱਟ ਚੁਬਾਰੇ ਨੂੰ ਲਾਈ ਜਾਂਦੀ ਹੈ, ਕਾਰਨ ਭਾਵੇਂ ਕੋਈ ਵੀ ਹੋਵੇ। ਇਸੇ ਲੇਖ ਵਰਗੀ ਭਾਵਨਾ ਨਾਲ ਅਜੇ ਦੋ ਮਹੀਨੇ ਹੋਏ ਮੈਂ ਵੀ ਆਪਣੇ ਪਿੰਡ ਰਹਿੰਦੇ ਮਿੱਤਰ ਨਾਲ ਰਾਤ ਨੂੰ ਪਿੰਡ ਦੀਆਂ ਗਲੀਆਂ ਵਿੱਚ ਘੁੰਮਿਆ। ਸਾਡਾ ਆਪਣਾ ਚੁਬਾਰੇ ਵਾਲਾ ਘਰ ਤੇ ਹੋਰ ਚੁਬਾਰੇ ਸਮੇਤ ਪਿੰਡ ਦੇ ਵੱਡੇ ਦਰਵਾਜ਼ੇ ਸਾਰੇ ਢਹਿ ਚੁੱਕੇ ਹਨ। ਗੁਰਦੁਆਰੇ ਅੱਗੇ ਜਿਹੜੀ ਹਲਟੀ ਉੱਤੇ ਸਾਰਾ ਪਿੰਡ ਆ ਕੇ ਨਹਾਉਂਦਾ ਸੀ ਕਦੋਂ ਦੀ ਬੰਦ ਹੋ ਚੁੱਕੀ ਹੈ। ਹਾਂ, ਪਰ ਗੁਰੂਘਰ ਵਿੱਚ ਹੁਣ ਸਹੂਲਤਾਂ ਦੀ ਭਰਮਾਰ ਹੈ ਜਿਸ ਬਾਰੇ ਬਚਪਨ ਵਿੱਚ ਸੋਚ ਵੀ ਨਹੀਂ ਸਕਦੇ ਸੀ। ਆਪਣੇ ਮਿੱਤਰ ਨਾਲ ਆਪਣੇ ਸਮੇਂ ਦੇ ਜਾਣੂ ਜਿਊਂਦਿਆਂ ਅਤੇ ਗ਼ੁਜ਼ਰ ਚੁੱਕੇ ਬੰਦਿਆਂ ਦੀ ਖ਼ਬਰ ਸਾਂਝੀ ਕਰ ਕੇ ਮਿੱਤਰ ਦੀ ਮੁਹਬੱਤ ਨੂੰ ਜ਼ਿੰਦਾਬਾਦ ਕਰ ਕੇ ਆਇਆ ਹਾਂ, ਜਿਸ ਸਦਕਾ ਮੈਂ ਆਪਣੇ ਪਿੰਡ ਦੀ ਛੂਹ ਨੂੰ ਮਾਣ ਸਕਿਆ। ਨਹੀਂ ਤਾਂ ਜਾਣੂ ਬਿਨਾਂ ਕੌਣ ਇਕੱਲਾ ਆਪਣੇ ਪਿੰਡ ਵਿੱਚ ਗੇੜਾ ਮਾਰ ਸਕਦਾ ਹੈ। ਲੋਪ ਤਾਂ ਸਿਰਫ਼ ਪਿੰਡਾਂ ਦੀਆਂ ਰੂੜੀਆਂ ਅਤੇ ਗੁਹਾਰੇ ਨਹੀਂ ਹੋਏ ਬਾਕੀ ਬਹੁਤ ਕੁਝ ਬਦਲ ਗਿਆ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਅਧਿਆਪਕ ਅਤੇ ਸਿੱਖਿਆ
5 ਸਤੰਬਰ, ਅਧਿਆਪਕ ਦਿਵਸ ਮੌਕੇ ‘ਨਜ਼ਰੀਆ’ ਪੰਨੇ ’ਤੇ ਕੁਝ ਲੇਖਕਾਂ ਦੇ ਵਿਚਾਰ ਪੜ੍ਹਨ ਨੂੰ ਮਿਲੇ। ਉੱਘੇ ਸਿੱਖਿਆ ਸ਼ਾਸਤਰੀ ਅਵਿਜੀਤ ਪਾਠਕ ਨੇ ਦਰਜਾਬੰਦੀ ਏਜੰਸੀਆਂ ਦੁਆਰਾ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ-ਮਿਣਤੀ ਵਾਲੀ ਫੋਕੀ ਰੈਂਕਿੰਗ ਦੀ ਗੱਲ ਕੀਤੀ ਹੈ। ਇਹ ਸਹੀ ਹੈ ਕਿ ਸਿੱਖਿਆ ਸੰਸਥਾਵਾਂ ਦੇ ਮੁਲਾਂਕਣ ਦੀ ਕਸੌਟੀ ਅਜਿਹੀ ਸਿੱਖਿਆ ਹੋਣੀ ਚਾਹੀਦੀ ਹੈ ਜੋ ਨੌਜਵਾਨਾਂ ਦੀ ਸੋਚ ਵਿੱਚ ਬਦਲਾਅ ਲਿਆ ਸਕੇ ਅਤੇ ਉਨ੍ਹਾਂ ਦੇ ਮਨਾਂ ਅੰਦਰ ਮਾਨਵਤਾ ਦੀ ਭਾਵਨਾ ਜਗਾ ਸਕੇ। ਗੁਰਦੀਪ ਢੁੱਡੀ ਨੇ ਸਿੱਖਿਆ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਸਕੂਲੀ ਸਿੱਖਿਆ ਦੇ ਡਿੱਗਦੇ ਮਿਆਰ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਆਕਸੀਜਨ ਲਈ ਸਹਿਕਦੀਆਂ ਹੋਈਆਂ ਸਰਕਾਰੀ ਸੰਸਥਾਵਾਂ ਦਾ ਸਿਆਸੀ ਆਕਾਵਾਂ ਅੱਗੇ ਹੱਥ ਅੱਡਦੇ ਹੋਏ ਹੋਰ ਹੇਠਾਂ ਨੂੰ ਗ਼ਰਕ ਹੁੰਦੇ ਜਾਣ ਦੀ ਬੜੀ ਦਿਲਟੁੰਬਵੀਂ ਗੱਲ ਕੀਤੀ ਹੈ। ਡਾ. ਪ੍ਰਵੀਨ ਬੇਗਮ ਨੂੰ ਬਹੁਤ ਸਾਰਾ ਧੰਨਵਾਦ, ਜਿਨ੍ਹਾਂ ਨੇ ਸਕੂਲ ਸਮੇਂ ਆਪਣੇ ‘ਪਸੰਦੀਦਾ ਅਧਿਆਪਕ’ ਦੀ ਗੱਲ ਛੇੜ ਕੇ ਮੈਨੂੰ ਵੀ ਆਪਣੇ ਸੱਠ ਸਾਲ ਪਹਿਲਾਂ ਦੇ ਕੁਝ ਅਧਿਆਪਕ ਚੇਤੇ ਕਰਾ ਦਿੱਤੇ।
ਸ਼ੋਭਨਾ ਵਿਜ, ਪਟਿਆਲਾ
ਪਾਠਕਾਂ ਦੀ ਜਾਣਕਾਰੀ ’ਚ ਵਾਧਾ
ਦੋ ਸਤੰਬਰ ਦੇ ਸੰਪਾਦਕੀ ਪੰਨੇ ’ਤੇ ਟੀਐੱਨ ਨੈਨਾਨ ਦਾ ਲੇਖ ‘ਭਾਰਤ ਦੀ ਬੱਝਵੀਂ ਕਾਰਗੁਜ਼ਾਰੀ ਦੇ ਪੰਜਾਹ ਸਾਲ’ ਬਹੁਤ ਹੀ ਵਿਸਥਾਰ ਸਹਿਤ ਵੇਰਵਿਆਂ ਨਾਲ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦਾ ਹੈ। ਇਸ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਲਿਖਿਆ ਲੇਖ ‘ਪਛਤਾਵਾ’ ਪਾਠਕਾਂ ਨੂੰ ਕੋਈ ਸੇਧ ਅਤੇ ਸਿੱਖਿਆ ਦੇਣ ਵਿੱਚ ਅਸਮਰੱਥ ਰਿਹਾ ਹੈ।
ਅਮਨਦੀਪ ਦਰਦੀ, ਮਾਲੇਰਕੋਟਲਾ
ਕਾਬਲ-ਏ-ਤਾਰੀਫ਼ ਲੇਖ
31 ਅਗਸਤ ਦੇ ‘ਸਤਰੰਗ’ ਵਿੱਚ ਜਾਂਨਿਸਾਰ ਅਖ਼ਤਰ ਬਾਰੇ ਲਿਖਿਆ ਪਰਮਜੀਤ ਸਿੰਘ ਨਿੱਕੇ ਘੁੰਮਣ ਦਾ ਲੇਖ ਉਨ੍ਹਾਂ ਦੀ ਉਰਦੂ ਜ਼ਬਾਨ ਅਤੇ ਸ਼ਾਇਰੀ ਬਾਰੇ ਰੁਚੀ ਦਾ ਲਖਾਇਕ ਹੈ ਜੋ ਕਾਬਲ-ਏ-ਤਾਰੀਫ਼ ਹੈ, ਪਰ ਕੁਝ ਤੱਥਕ ਉਕਾਈਆਂ ਅਤੇ ਉਰਦੂ ਜ਼ਬਾਨ ਪ੍ਰਤੀ ਲਾਪਰਵਾਹੀ ਪਾਠਕਾਂ ਨੂੰ ਗ਼ਲਤ ਸੰਦੇਸ਼ ਦਿੰਦੀ ਹੈ। ਉਹ ਗ਼ਲਤ ਸ਼ਬਦ ‘ਮਜ਼ਾਜ਼’ ਨੂੰ ਠੀਕ ਸ਼ਬਦ ‘ਮਜਾਜ਼’ ਲਈ ਵਰਤ ਕੇ ਅਤੇ ਮਜਾਜ਼ ਲਖਨਵੀ (ਸਫ਼ੀਆ ਦਾ ਪਿਤਾ) ਨੂੰ ‘ਮਕਬੂਲ ਉਰਦੂ ਸ਼ਾਇਰ’ ਕਹਿ ਕੇ ਪਾਠਕਾਂ ਨੂੰ ਅੱਧਪੱਕੀ ਜਾਣਕਾਰੀ ਦੇ ਰਹੇ ਹਨ। ਇਹ ‘ਮਕਬੂਲ ਸ਼ਾਇਰ’ ਅਸਰਾਰ-ਉਲ ਹਕ ਮਜਾਜ਼ ਹੈ ਜੋ ਹਿੰਦੀ ਫਿਲਮ ਇੰਡਸਟਰੀ ਵਿੱਚ ਮਜਾਜ਼ ਲਖਨਵੀ ਦੇ ਨਾਂ ਨਾਲ ਵੀ ਮਸ਼ਹੂਰ ਹੋਇਆ। ਮਜਾਜ਼ ਦੀ ਲਿਖੀ ਖ਼ੂਬਸੂਰਤ ਨਜ਼ਮ ‘ਐ ਗ਼ਮ-ਏ-ਦਿਲ ਕਿਆ ਕਰੂੰ/ਐ ਵਹਿਸ਼ਤ-ਏ-ਦਿਲ ਕਿਆ ਕਰੂੰ’ (ਗਾਇਕ ਤਲਤ) ਅੱਜ ਵੀ ਸੁਣੀਏ ਤਾਂ ਧੂਹ ਪਾਉਂਦੀ ਹੈ। ਸਫ਼ੀਆ ਇਸ ਮਜਾਜ਼ ਦੀ ਭੈਣ ਸੀ ਤੇ ਜਾਵੇਦ ਅਖ਼ਤਰ ਦਾ ਇਹ ‘ਮਜਾਜ਼’ ਮਾਮਾ ਲੱਗਦਾ ਸੀ। ਦੂਜੀ ਗੱਲ, ਜਾਂਨਿਸਾਰ ਅਖ਼ਤਰ ਦੀ ਪੁਰਅਸਰ ਪਰ ਨਿੱਕੀ ਬਹਿਰ ਵਿੱਚ ਲਿਖੀ ਸ਼ਾਇਰੀ ਦਾ ਲੁਤਫ਼ ਲੈਣ ਲਈ ਦੋ ਫਿਲਮਾਂ ‘ਯਾਸਮੀਨ’ ਅਤੇ ‘ਰਜ਼ੀਆ ਸੁਲਤਾਨ’ ਦੇ ਗਾਣੇ ਹੀ ਸੁਣ ਲੈਣੇ ਕਾਫ਼ੀ ਹਨ। ਜਾਂਨਿਸਾਰ ਅਖ਼ਤਰ ਨਾਜ਼ੁਕ ਅਤੇ ਸੂਖ਼ਮ ਪਲਾਂ ਦਾ ਸ਼ਾਇਰ ਹੈ ਜੋ ਛੇਤੀ ਹੀ ਸਮਾਜਿਕ ਅੰਦੋਲਨ ਅਤੇ ਧਰਮਨਿਰਪੱਖਤਾ ਬਾਰੇ ਵੀ ਲਿਖਣ ਲੱਗਾ। ਉਸ ਦੀ ਨਜ਼ਮ ‘ਇਤਹਾਦ’ ਵਿਚਲੀਆਂ ਸਤਰਾਂ ਹਨ: ‘‘ਯਿਹ ਦੇਸ਼ ਕੀ ਹਿੰਦੂ ਔਰ ਮੁਸਲਿਮ ਤਹਿਜ਼ੀਬੋਂ ਕਾ ਸ਼ੀਰਾਜ਼ਾ ਹੈ/ ਸਦੀਓਂ ਕੀ ਪੁਰਾਨੀ ਬਾਤ ਹੈ ਯਿਹ ਪਰ ਆਜ ਭੀ ਕਿਤਨੀ ਤਾਜ਼ਾ ਹੈ।’’
ਕਮਲੇਸ਼ ਉੱਪਲ, ਪਟਿਆਲਾ
ਪੁਰਾਣੀਆਂ ਯਾਦਾਂ ਦੀ ਪਟਾਰੀ
6 ਸਤੰਬਰ ਦੇ ਅੰਕ ਵਿੱਚ ਕਰਨੈਲ ਸਿੰਘ ਸੋਮਲ ਦਾ ਮਿਡਲ ‘ਤੂਤਾਂ ਵਾਲਾ ਖੂਹ’ ਪੜ੍ਹਿਆ। ਪੜ੍ਹ ਕੇ ਪੁਰਾਣੀਆਂ ਯਾਦਾਂ ਇਕਦਮ ਤਾਜ਼ੀਆਂ ਹੋ ਗਈਆਂ। ਉਸ ਵਕਤ ਕਿਸਾਨੀ ਕਿੱਤੇ ਅਤੇ ਪੇਂਡੂ ਸਮਾਜ ਵਿੱਚ ਵਰਤੇ ਜਾਂਦੇ ਸ਼ਬਦ ਪੜ੍ਹੇ ਜਿਨ੍ਹਾਂ ਦਾ ਨਵੀਂ ਪੀੜ੍ਹੀ ਨੂੰ ਉੱਕਾ ਹੀ ਪਤਾ ਨਹੀਂ। ਗਿਆਨੀ ਸੋਹਣ ਸਿੰਘ ਸੀਤਲ ਦਾ ਲਿਖਿਆ ਇਸੇ ਨਾਂ ਦਾ ਨਾਵਲ 1980ਵਿਆਂ ਵਿੱਚ ਸਰਕਾਰੀ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਹੁੰਦਾ ਸੀ। 1977 ਵਿੱਚ ਅਸੀਂ 10ਵੀਂ ਜਮਾਤ ਵਿੱਚ ਇਹ ਪੜ੍ਹਿਆ। ਨਾਵਲ ਵਿੱਚ ਦਿਖਾਏ ਗਏ ਤੂਤਾਂ ਵਾਲੇ ਖੂਹ ਵਾਲਾ ਮਾਹੌਲ ਸ਼ਾਇਦ ਹੀ ਹੁਣ ਸਾਡੇ ਰੰਗਲੇ ਪੰਜਾਬ ਵਿੱਚ ਕਿਤੇ ਹੋਵੇਗਾ। ਅੱਜ ਵੀ ਜਦੋਂ ਕਿਤੇ ਅੱਖਾਂ ਬੰਦ ਕਰਕੇ ਉਸ ਮਾਹੌਲ ਵਿੱਚ ਜਾਈਦਾ ਹੈ ਤਾਂ ਰੂਹ ਨਸ਼ਿਆ ਜਾਂਦੀ ਹੈ। ਇਸ ਨਾਵਲ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਸੂਦਖੋਰ ਮਹਾਜਨ ਇੱਕੋ ਪਿੰਡ ਦੇ ਕਿਸਾਨਾਂ, ਇੱਕ ਸਿੱਖ ਅਤੇ ਇੱਕ ਮੁਸਲਮਾਨ, ਨੂੰ ਆਪਸ ਵਿੱਚ ਲੜਾ ਕੇ ਉਨ੍ਹਾਂ ਦੀ ਜ਼ਮੀਨ ਅਤੇ ਖ਼ਾਸ ਕਰਕੇ ਤੂਤਾਂ ਵਾਲੇ ਖੂਹ ’ਤੇ ਕਬਜ਼ਾ ਕਰਨਾ ਲੋਚਦਾ ਹੈ। ਇਸ ਨਾਵਲ ਨੂੰ ਧਿਆਨ ਨਾਲ ਪੜ੍ਹਨ ਪਿੱਛੋਂ ਜਨ ਸਾਧਾਰਨ ਨੂੰ ਅਜੋਕੇ ਕਿਸਾਨ ਅੰਦੋਲਨ ਦੀ ਪਿੱਠ ਭੂਮੀ ਦੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ।
ਅਵਤਾਰ ਸਿੰਘ, ਮੋਗਾ