ਸਤਪਾਲ ਰਾਮਗੜ੍ਹੀਆ
ਪਿਹੋਵਾ, 10 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਪਿਛਲੇ ਹਫ਼ਤੇ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪਿਹੋਵਾ ਤੋਂ ਉਮੀਦਵਾਰ ਬਣਾਏ ਗਏ ਕੰਵਲਜੀਤ ਸਿੰਘ ਅਜਰਾਣਾ ਤੋਂ ਭਾਜਪਾ ਨੇ ਟਿਕਟ ਵਾਪਸ ਲੈ ਲਈ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੰਵਲਜੀਤ ਨੇ ਕਿਹਾ ਕਿ ਭਾਜਪਾ ਨੇ ਉਸ ’ਤੇ ਭਰੋਸਾ ਪ੍ਰਗਟਾਇਆ ਅਤੇ ਉਸ ਨੂੰ ਟਿਕਟ ਦਿੱਤੀ, ਜਿਸ ਲਈ ਉਨ੍ਹਾਂ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਟਿਕਟ ਮਿਲਣ ਮਗਰੋਂ ਪ੍ਰਚਾਰ ਦੌਰਾਨ ਸਰਪੰਚ ਭਰਾਵਾਂ ਜਾਂ ਹੋਰ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਟਿਕਟ ਬਦਲਣ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਕਈ ਆਗੂਆਂ ਨੇ ਇਸ ਸਬੰਧੀ ਅਸਤੀਫ਼ਾ ਦੇਣ ਦੀ ਵੀ ਗੱਲ ਆਖੀ। ਜ਼ਿਕਰਯੋਗ ਹੈ ਕਿ ਜਿਸ ਦਿਨ ਤੋਂ ਕੰਵਲਜੀਤ ਸਿੰਘ ਅਜਰਾਣਾ ਨੂੰ ਪਿਹੋਵਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਸੀ, ਉਸ ਦਿਨ ਤੋਂ ਹੀ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਟਿਕਟ ਮਿਲਦੇ ਹੀ ਪਾਕਿਸਤਾਨੀ ਫੌਜ ਨਾਲ ਉਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਭਾਜਪਾ ਸੂਤਰਾਂ ਅਨੁਸਾਰ ਅਜਰਾਣਾ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਰਾਸ਼ਟਰਵਾਦੀ ਅਕਸ ਨੂੰ ਸੱਟ ਵੱਜਣ ਕਾਰਨ ਪਾਰਟੀ ’ਚ ਹੰਗਾਮਾ ਮਚ ਗਿਆ। ਅਜਰਾਣਾ ਦੀ ਟਿਕਟ ਬਦਲਣ ਲਈ ਦਬਾਅ ਬਣਨਾ ਸ਼ੁਰੂ ਹੋ ਗਿਆ। ਦਬਾਅ ਬਣਨ ’ਤੇ ਅਜਰਾਣਾ ਨੇ ਟਿਕਟ ਵਾਪਸ ਕਰ ਦਿੱਤੀ। ਭਾਜਪਾ ਨੇ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਕੱਟ ਕੇ ਉਨ੍ਹਾਂ ਨੂੰ ਪਿਹੋਵਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਦੁਪਹਿਰ ਬਾਅਦ ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ ਜੈ ਭਗਵਾਨ ਸ਼ਰਮਾ ਡੀਡੀ ਨੂੰ ਪਿਹੋਵਾ ਤੋਂ ਉਮੀਦਵਾਰ ਬਣਾਇਆ ਗਿਆ।