ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 10 ਸਤੰਬਰ
ਨਜ਼ਦੀਕੀ ਪਿੰਡ ਕੋਹਾੜ ਕਲਾਂ ਦੇ ਇਕ ਘਰ ਦੀ ਇਮਾਰਤ ਵਿੱਚ ਗੁਰਮਤਿ ਵਿਦਿਆਲੇ ਦੇ ਓਹਲੇ ਚਲਾਏ ਜਾ ਰਹੇ ਕਥਿਤ ਨਸ਼ਾ ਛੁਡਾਊ ਕੇਂਦਰ ’ਤੇ ਸ਼ਾਹਕੋਟ ਪੁਲੀਸ ਨੇ ਛਾਪਾ ਮਾਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਇਮਾਰਤ ਦਾ ਮਾਲਕ ਪੁਲੀਸ ਦੀ ਗ੍ਰਿਫਤ ਵਿੱਚੋਂ ਤੱਕ ਬਾਹਰ ਹੈ।
ਡੀਐੱਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਐੱਸਡੀਐਮ ਸ਼ਾਹਕੋਟ ਰਿਸ਼ਭ ਬਾਂਸਲ, ਬੀਡੀਪੀਓ ਮਿੱਤਲ ਮਾਨ, ਐੱਸਐੱਮਓ ਦੀਪਕ ਚੰਦਰ ਸਣੇ ਡਾਕਟਰੀ ਟੀਮ ਨੂੰ ਨਾਲ ਲੈ ਕੇ ਕੋਹਾੜ ਕਲਾਂ ਵਿੱਚ ਗੁਰਮਤਿ ਵਿਦਿਆਲੇ ਦੇ ਓਹਲੇ ਕਥਿਤ ਤੌਰ ’ਤੇ ਨਾਜਾਇਜ਼ ਚਲਾਏ ਜਾ ਰਹੇ ਨਸ਼ਾ ਛੁਡਾਊਂ ਕੇਂਦਰ ’ਤੇ ਛਾਪਾ ਮਾਰਿਆ। ਛਾਪੇ ਦੌਰਾਨ ਕੇਂਦਰ ਵਿਚ 17 ਵਿਅਕਤੀ ਬੰਦੀ ਬਣਾਏ ਹੋਏ ਮਿਲੇੇ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਰਿਹਾਅ ਕਰਵਾ ਕੇ ਉਚੇਰੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭਿਜਵਾਇਆ ਗਿਆ। ਛਾਪੇ ਦੌਰਾਨ ਮੌਕੇ ਤੋਂ ਕੇਂਦਰ ਚਲਾਉਣ ਦੇ ਮੁਲਜ਼ਮ ਅਮਰਦੀਪ ਸਿੰਘ ਵਾਸੀ ਮੁਹੱਲਾ ਦਸ਼ਮੇਸ਼ ਨਗਰ ਮੋਗਾ ਅਤੇ ਜਸਕਰਨ ਸਿੰਘ ਉਰਫ ਅਜੇ ਵਾਸੀ ਮੁਹੱਲਾ ਵਿਸ਼ਵਕਰਮਾ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਮਾਰਤ ਦਾ ਮਾਲਕ ਸਰਬਜੀਤ ਸਿੰਘ ਉਰਫ ਨਿੱਕਾ ਵਾਸੀ ਬਿੱਲੀ ਚਾਉ ਹਾਲ ਵਾਸੀ ਕੋਹਾੜ ਕਲਾਂ ਅਜੇ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਮੁਲਜ਼ਮਾਂ ਨੇ ਨਾ ਤਾਂ ਕੋਈ ਯੋਗ ਟਰੇਨਰ ਟੀਚਰ ਰੱਖਿਆ ਹੋਇਆ ਸੀ ਅਤੇ ਨਾ ਹੀ ਇਨ੍ਹਾਂ ਕੋਲ ਕੇਂਦਰ ਚਲਾਉਣ ਦਾ ਕੋਈ ਲਾਇਸੈਂਸ ਸੀ।