ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਸਤੰਬਰ
ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਪੂਰਬੀ ਦਿੱਲੀ ਦੇ ਮਦਨਪੁਰ ਖਾਦਰ ਖੇਤਰ ਵਿੱਚ ਝੁੱਗੀਆਂ ਨੂੰ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐਸ) ਅਨੁਸਾਰ ਸਵੇਰੇ ਕਰੀਬ 3 ਵਜੇ ਕੰਚਨ ਕੁੰਜ ਮਦਨਪੁਰ ਖਾਦਰ ਖੇਤਰ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ਬੁਝਾਉਣ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਕੂਲਿੰਗ ਡਾਊਨ ਅਪਰੇਸ਼ਨ ਵੀ ਕੀਤਾ ਗਿਆ ਤਾਂ ਜੋ ਅੱਗ ਦੁਬਾਰਾ ਭੜਕਣ ਤੋਂ ਬਚੀ ਰਹੇ। ਡੀਐੱਫਐੱਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਕੋਈ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਨੇ ਸ਼ਰਾਰਤ ਤਾਂ ਨਹੀਂ ਕੀਤੀ ਕਿਉਂਕਿ ਇਸ ਜ਼ਮੀਨ ’ਤੇ ਪ੍ਰਾਪਰਟੀ ਡੀਲਰਾਂ ਦੀ ਵੀ ਨਜ਼ਰ ਹੈ।