ਹਤਿੰਦਰ ਮਹਿਤਾ
ਜਲੰਧਰ, 10 ਸਤੰਬਰ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕੀਤੀ।
ਆਪਣੇ ਦੌਰੇ ਦੌਰਾਨ ਕਮਿਸ਼ਨ ਮੈਂਬਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਮਹਿਲ, ਸਰਕਾਰੀ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਕੂਲ ਰਵਿਦਾਸਪੁਰਾ (ਨੂਰਮਹਿਲ), ਆਂਗਣਵਾੜੀ ਕੇਂਦਰ ਨੂਰਮਹਿਲ ਅਤੇ ਰਵਿਦਾਸਪੁਰਾ ਵਿੱਚ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦਾ ਜਾਇਜ਼ਾ ਲਿਆ। ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਸਕੀਮ ਅਧੀਨ ਪਰੋਸੇ ਜਾਂਦੇ ਖਾਣੇ ਦੀ ਜਾਂਚ ਤੋਂ ਇਲਾਵਾ ਉਨ੍ਹਾਂ ਵੱਲੋਂ ਸਕੂਲਾਂ ਦੇ ਅਨਾਜ ਭੰਡਾਰ ਘਰ ਦੀ ਚੈਕਿੰਗ ਵੀ ਕੀਤੀ ਗਈ। ਉਨ੍ਹਾਂ ਇਸ ਮੌਕੇ ਭੰਡਾਰ ਘਰ ਵਿੱਚ ਕਣਕ ਅਤੇ ਚਾਵਲ ਦੇ ਰੱਖ ਰਖਾਅ ਸਬੰਧੀ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਆਂਗਣਵਾੜੀ ਕੇਂਦਰ ਨੂਰਮਹਿਲ ਵਿੱਚ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਲਾਭਪਾਤਰੀਆਂ ਨੂੰ ਦਿੱਤੇ ਜਾ ਰਹੇ ਸਾਮਾਨ ’ਤੇ ਤਸੱਲੀ ਜ਼ਾਹਰ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰਾਸ਼ਨ ਡਿੱਪੂਆਂ ਦੀ ਚੈਕਿੰਗ ਕੀਤੀ ਗਈ। ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਰਾਸ਼ਨ ਡਿਪੂ ਪਿੰਡ ਉਮਰਪੁਰ ਕਲਾਂ ਵਿਖੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਅਤੇ ਕਣਕ ਦੀ ਵੰਡ ’ਤੇ ਤਸੱਲੀ ਪ੍ਰਗਟਾਈ।