ਦਵਿੰਦਰ ਸਿੰਘ ਭੰਗੂ
ਰਈਆ, 10 ਸਤੰਬਰ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਸਬ-ਡਿਵੀਜ਼ਨ ਬਾਬਾ ਬਕਾਲਾ ਵਿੱਚੋਂ ਲੰਘਣ ਵਾਲੇ ਕੌਮੀ ਰਾਜ ਮਾਰਗ ਬਣਾਉਣ ਲਈ ਜ਼ਮੀਨ ਐਕੁਆਇਰ ਕਰਨ ਵਾਸਤੇ ਸ਼ੁਰੂ ਕੀਤੀ ਮੁਹਿੰਮ ਜਾਰੀ ਹੈ। ਅੱਜ ਇਥੇ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਆਪਣੀ ਟੀਮ ਨਾਲ ਜਲੰਧਰ-ਬਟਾਲਾ ਸੜਕ ਲਈ ਪਿੰਡ ਠੱਠੀਆਂ ਬੇਦਾਦ ਪੁਰ ਵਿੱਚੋਂ ਕਿਸਾਨਾਂ ਤੋਂ ਕਬਜ਼ੇ ਲੈ ਲਏ। ਬਾਬਾ ਬਕਾਲਾ ਸਾਹਿਬ ਦੇ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਪਿੰਡ ਠੱਠੀਆਂ ਬੇਦਾਦ ਪੁਰ ਦੀ ਜ਼ਮੀਨ ਸਬੰਧੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਦਿੱਤੀ ਸੀ ਪਰ ਕਬਜ਼ਾ ਅਜੇ ਨਹੀਂ ਲਿਆ ਗਿਆ ਸੀ, ਜੋ ਅੱਜ ਕਿਸਾਨਾਂ ਨੇ ਅਮਨ-ਅਮਾਨ ਨਾਲ ਕਬਜ਼ਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਕੁ ਰਕਬੇ ਦੀ ਅਦਾਇਗੀ ਪਰਿਵਾਰਕ ਝਗੜਿਆ ਕਾਰਨ ਨਹੀਂ ਹੋ ਸਕੀ ਸੀ ਉਨ੍ਹਾਂ ਨੂੰ ਵੀ ਦਫ਼ਤਰ ਬੁਲਾ ਕੇ ਮਸਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਜਿਸ ਸਬੰਧੀ ਉਹ ਉਨ੍ਹਾਂ ਦੇ ਧੰਨਵਾਦੀ ਹਨ।
ਇਸ ਮੌਕੇ ਡੀਆਰਓ ਨਵਕਿਰਨ ਸਿੰਘ, ਡੀਐੱਸਪੀ ਬਾਬਾ ਬਕਾਲਾ ਸਵਿੰਦਰਪਾਲ ਸਿੰਘ, ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ, ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ, ਥਾਣਾ ਮੁਖੀ ਬਿਆਸ ਹਰਪਾਲ ਸਿੰਘ ਸਣੇ ਸਿਵਲ ਅਤੇ ਪੁਲੀਸ ਅਧਿਕਾਰੀ ਮੌਜੂਦ ਸਨ।
ਕਿਸਾਨ ਆਗੂ ਵੱਲੋਂ ਸਰਕਾਰ ’ਤੇ ਧੱਕੇਸ਼ਾਹੀ ਦਾ ਦੋਸ਼
ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨਾਂ ਐਕੁਆਇਰ ਕਰ ਰਹੀ ਹੈ, ਜਿਸ ਸਬੰਧੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਕੁਝ ਕਿਸਾਨਾਂ ਦੇ ਖਾਤੇ ਵਿੱਚ ਪ੍ਰਸ਼ਾਸਨ ਨੇ ਮੁਆਵਜ਼ਾ ਰਾਸ਼ੀ ਪਾਈ ਸੀ ਪਰ ਵੱਡੀ ਗਿਣਤੀ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਨਹੀਂ ਪਾਈ ਗਈ। ਉਨ੍ਹਾਂ ਦੱਸਿਆ ਕਿ ਇਥੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਰੇਟ ਦੋ ਕਰੋੜ ਤੋਂ ਵੱਧ ਚੱਲ ਰਿਹਾ ਹੈ ਪਰ ਸਰਕਾਰ 68 ਲੱਖ ਰੁਪਏ ਦੇ ਹਿਸਾਬ ਨਾਲ ਅਵਾਰਡ ਦੇ ਰਹੀ ਹੈ, ਜਿਨ੍ਹਾਂ ਕਿਸਾਨਾਂ ਨੂੰ ਅਵਾਰਡ ਮਨਜ਼ੂਰ ਨਹੀਂ ਹੈ, ਉੱਥੇ ਕਬਜ਼ਾ ਨਹੀਂ ਲੈਣ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਕਿਸਾਨ ਪਹੁੰਚੇ ਹੋਏ ਸਨ।
ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਕਬਜ਼ੇ ਲਏ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਸਬ-ਡਿਵੀਜ਼ਨਲ ਮੈਜਿਸਟਰੇਟ ਅੰਮ੍ਰਿਤਸਰ-2 ਲਾਲ ਵਿਸ਼ਵਾਸ ਨੇ ਆਪਣੀ ਟੀਮ ਨਾਲ ਝੀਤਾ ਖੁਰਦ, ਝੀਤਾ ਕਲਾਂ ਅਤੇ ਮੰਡਿਆਲਾ ਵਿੱਚੋਂ ਲੰਘਣ ਵਾਲੀ ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਜ਼ਮੀਨਾਂ ਦੇ ਕਬਜ਼ੇ ਵਾਪਸ ਲਏ। ਲਾਲ ਵਿਸ਼ਵਾਸ਼ ਨੇ ਦੱਸਿਆ ਕਿ ਉਕਤ ਪਿੰਡਾਂ ਵਿੱਚ ਕੁਝ ਕਿਸਾਨਾਂ ਨੇ ਜ਼ਮੀਨ ਦੇਣ ’ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ, ਉਨਾਂ ਕੋਲੋਂ ਵੀ 400 ਮੀਟਰ ਦੇ ਕਰੀਬ ਰਕਬਾ ਵਾਪਸ ਕਰਵਾ ਲਿਆ ਗਿਆ ਹੈ।