ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਸਤੰਬਰ
ਤਨਖਾਹਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਅਤੇ ਮੰਗਾਂ ਦਾ ਨਿਪਟਾਰਾ ਨਾ ਹੋਣ ਤੋਂ ਖਫ਼ਾ ਠੇਕੇਦਾਰੀ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਇੱਥੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਥਾਨਕ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਉਨ੍ਹਾਂ ਵਾਅਦਾ ਕਰਕੇ ਮੰਗਾਂ ਪੂਰੀਆਂ ਨਾ ਕਰਨ ’ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਲ ਕਾਮਿਆਂ ਨੇ ਐਕਸੀਅਨ ਦੇ ਘਿਰਾਓ ਦੀ ਚਿਤਾਵਨੀ ਵੀ ਦਿੱਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ ਅਤੇ ਕੋ-ਕਨਵੀਨਰ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਵਿਭਾਗ ਵਿਚ ਠੇਕੇਦਾਰੀ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਅਨੇਕਾਂ ਮੰਗਾਂ ਲਟਕ ਰਹੀਆਂ ਹਨ ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਕਾਰਨ ਕਰਮਚਾਰੀਆਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗਾਂ ’ਚ ਹੋਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਐੱਸਡੀਐੱਮ ਸੰਗਰੂਰ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਕਾਰਜਕਾਰੀ ਇੰਜਨੀਅਰ ਅਤੇ ਵਿਭਾਗ ਅਧੀਨ ਕੰਮ ਕਰਦੀ ਕੰਪਨੀ ਦੇ ਨੁਮਾਇੰਦੇ ਵੀ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਐਕਸੀਅਨ ਦੇ ਘਿਰਾਓ ਦੌਰਾਨ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੁੱਜੇ ਡਿਊਟੀ ਮੈਜਿਸਟ੍ਰੇਟ ਵਲੋਂ ਵੀ ਮੰਗਾਂ ਦੇ ਹੱਲ ਦਾ ਭਰੋਸਾ ਦਿਵਾਇਆ ਸੀ ਪਰ ਇਹ ਵਾਅਦੇ ਵੀ ਵਫ਼ਾ ਨਹੀਂ ਹੋਏ ਅਤੇ ਮੰਗਾਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਰਮਚਾਰੀ ਸੰਘਰਸ਼ ਦੇ ਰਾਹ ’ਤੇ ਰਹਿਣਗੇ ਅਤੇ ਕਿਸੇ ਵੀ ਸਮੇਂ ਐਕਸੀਅਨ ਦਾ ਘਿਰਾਓ ਕੀਤਾ ਜਾਵੇਗਾ। ਸੀਤਾ ਰਾਮ ਬਾਲਦ ਕਲਾਂ, ਹਰਦੀਪ ਸ਼ਰਮਾ, ਗੁਰਜੰਟ ਸਿੰਘ ਉਗਰਾਹਾਂ, ਇੰਦਰ ਧੂਰੀ, ਸੰਜੂ ਕੁਮਾਰ ਧੂਰੀ, ਰਾਮ ਆਸਰਾ, ਧਰਮ ਜੀਤ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ, ਕਰਮਜੀਤ ਸਿੰਘ ਆਦਿ ਮੌਜੂਦ ਸਨ।