ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਨਿਊ ਟੀਚਿੰਗ ਆਰਟਸ ਬਲਾਕ ਅਤੇ ਗਣਿਤ ਵਿਭਾਗ ਆਨਰਜ਼ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਪੀਐੱਸਯੂ (ਲਲਕਾਰ) ਦੀ ਅਗਵਾਈ ਹੇਠ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਮਾਰਚ ਕਰਕੇ ਡੀਨ (ਅਕਾਦਮਿਕ ਮਾਮਲੇ) ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਇਹ ਸੰਘਰਸ਼ ਮੁੱਖ ਤੌਰ ’ਤੇ ਦੋ ਮੁੱਦਿਆਂ ਉੱਪਰ ਕੇਂਦਰਤ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਅੰਡਰਗ੍ਰੈਜੂਏਸ਼ਨ ਆਨਰਜ਼ ਦੀਆਂ ਕਲਾਸਾਂ ਦੀ 22 ਜੁਲਾਈ ਤੋਂ ਸ਼ੁਰੂਆਤ ਹੋ ਗਈਆਂ ਸਨ ਪਰ ਪ੍ਰੋਫੈਸਰ ਨਾ ਹੋਣ ਕਾਰਨ ਕਈ ਵਿਭਾਗਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਅੰਗਰੇਜ਼ੀ ਵਿਸ਼ੇ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ। ਜਿਸ ਤਹਿਤ ਵਿਦਿਆਰਥੀ ਡੀਨ ਅਤੇ ਵਿਭਾਗੀ ਮੁਖੀ ਨੂੰ ਮਿਲਣ ’ਤੇ ਵੀ ਜਦੋਂ ਕੋਈ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਇਸ ਕਦਰ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਿਆ। ਦੂਸਰਾ ਮਾਮਲਾ ਨਿਊ ਆਰਟਸ ਬਲਾਕ ਵਿਚਲੀਆਂ ਕਈ ਹੋਰ ਦਿੱਕਤਾਂ ਨਾਲ ਜੁੜਿਆ ਹੋਇਆ ਹੈ ਜਿਸ ਸਬੰਧੀ ਵੀ 27 ਅਗਸਤ ਨੂੰ ਡੀਨ ਅਕਾਦਮਿਕ ਮਾਮਲੇ ਨੂੰ ਮੰਗ ਪੱਤਰ ਦਿੱਤਾ ਹੋਣ ਦੇ ਬਾਵਜੂਦ ਅਜੇ ਤੱਕ ਵੀ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਊ ਆਰਟਸ ਬਲਾਕ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦੀ ਘਾਟ ਹੈ। ਉਨ੍ਹਾਂ ਮੰਗ ਕੀਤੀ ਕਿ ਖਿੜਕੀਆਂ ਦੇ ਸ਼ੀਸ਼ਿਆਂ ਦੀ ਮੁਰੰਮਤ, ਪੱਖਿਆਂ ਦਾ ਪੁਖਤਾ ਪ੍ਰਬੰਧ, ਡੇਢ ਸਾਲ ਤੋਂ ਟੁੱਟੀ ਰੇਲਿੰਗ ਠੀਕ ਕਰਵਾਉਣ ਅਤੇ ਕਲਾਸ ਰੂਮ ਅਤੇ ਪਖਾਨਿਆਂ ਦੀ ਢੁਕਵੀਂ ਸਾਫ਼ ਸਫਾਈ ਯਕੀਨੀ ਬਣਾਉਣ ਦੀ ਮੰਗ ਕੀਤੀ।