ਸ਼ਗਨ ਕਟਾਰੀਆ
ਬਠਿੰਡਾ, 10 ਸਤੰਬਰ
ਪੀਸੀਐੱਮਐੱਸ ਐਸੋਸੀਏਸ਼ਨ ਦੇ ਸੱਦੇ ’ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਅੱਜ ਦੂਜੇ ਦਿਨ ਵੀ ਸਵੇਰੇ 8 ਤੋਂ 11 ਵਜੇ ਤੱਕ ਤਿੰਨ ਘੰਟਿਆਂ ਲਈ ਠੱਪ ਰਹੀਆਂ। ਅੰਦੋਲਨਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਭਲਕੇ 11 ਸਤੰਬਰ ਨੂੰ ਵੀ ਇਸੇ ਤਰ੍ਹਾਂ ਹੜਤਾਲ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਉਹ 12 ਸਤੰਬਰ ਤੋਂ ਬੇਮਿਆਦੀ ਹੜਤਾਲ ਦਾ ਫੈਸਲਾ ਲੈ ਕੇ ਓਪੀਡੀ ਸੇਵਾਵਾਂ ਮੁਕੰਮਲ ਤੌਰ ’ਤੇ ਠੱਪ ਕੀਤੀਆਂ ਜਾ ਸਕਦੀਆਂ ਹਨ।
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹੜਤਾਲ ਦੀਆਂ ਤਿੰਨ ਮੁੱਖ ਮੰਗਾਂ ਹਨ, ਜਿਨ੍ਹਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣਾ, ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਅਤੇ ਸੇਵਾਮੁਕਤ ਡਾਕਟਰਾਂ ਦੀਆਂ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸਮਾਂਬੱਧ ਤਰੱਕੀਆਂ ਦੀ ਮੰਗ ਦੇ ਦੌਰਾਨ ਹੀ ਸਰਕਾਰ ਨੇ ਇਸ ਸਕੀਮ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਪੇਸ਼ੇ ਨਾਲ ਸਬੰਧਤ ਕਰਮਚਾਰੀਆਂ ਖ਼ਿਲਾਫ਼ ਹਿੰਸਕ ਵਾਰਦਾਤਾਂ ਨਿੱਤ ਦਾ ਵਰਤਾਰਾ ਬਣਾ ਚੁੱਕਾ ਹੈ ਪਰ ਸਰਕਾਰਾਂ ਇਸ ਮਾਮਲੇ ’ਚ ਨਾ-ਅਹਿਲ ਹਨ। ਉਨ੍ਹਾਂ ਕਿਹਾ ਕਿ ਦੁਰੇਡੇ ਦੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਔਰਤ ਕਰਮਚਾਰੀ ਰਾਤ ਦੀ ਡਿਊਟੀ ’ਤੇ ਜਾਣ ਤੋਂ ਖ਼ੌਫ਼ ਖਾਂਦੀਆਂ ਹਨ।
ਡਾਕਟਰਾਂ ਦੇ ਸੰਘਰਸ਼ ਦਾ ਦੂਜਾ ਪੱਖ ਮਰੀਜ਼ਾਂ ਦੀ ਦਿੱਕਤਾਂ ਵਜੋਂ ਉੱਘੜ ਰਿਹਾ ਹੈ। ਬਠਿੰਡੇ ਦੇ ਸਿਵਲ ਹਸਪਤਾਲ ’ਚ ਦੂਰੋਂ ਦੁਰੇਡਿਓਂ ਪੁੱਜੇ ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਦੇ ਇੱਥੇ ਆਏ ਹੋਏ ਹਨ ਪਰ ਡਾਕਟਰਾਂ ਦੀ ਹੜਤਾਲ ਕਾਰਨ ਉਡੀਕ ਕਰਨ ਤੋਂ ਇਲਾਵਾ ਸਰੀਰਕ ਤਕਲੀਫ਼ ਵੀ ਝੱਲਣੀ ਪੈ ਰਹੀ ਹੈ। ਰੋਗੀਆਂ ਨਾਲ ਆਏ ਵਾਰਸਾਂ ਦਾ ਕਹਿਣਾ ਸੀ ਕਿ ਜਿਹੜੇ ਮਰੀਜ਼ ਆਪਾ ਨਹੀਂ ਸੰਭਾਲ ਸਕਦੇ ਅਤੇ ਐਂਬੂਲੈਂਸਾਂ ਜਾਂ ਫਿਰ ਕਾਰਾਂ ’ਤੇ ਇੱਥੇ ਲਿਆਂਦੇ ਗਏ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਕਸ਼ਟ ਹੈ। ਬੰਦ ਪਈ ਓਪੀਡੀ ਦੇ ਬਾਹਰ ਅੱਜ ਕਈ ਮਰੀਜ਼ਾਂ ਬੈੱਡਾਂ, ਸਟਰੈਚਰਾਂ ਅਤੇ ਵਹੀਲ ਚੇਅਰ ’ਤੇ ਵੇਖੇ ਗਏ।
ਇਥੇ ਨੇੜੇ ਹੀ ਡਾਕਟਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਆਦਿ ਹਮਾਇਤ ਦੇਣ ਪੁੱਜੇ ਹੋਏ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਅੰਤਾਂ ਦੀ ਹੁੰਮਸ ’ਚ ਮੁਕਤਸਰ ਦੇ ਜ਼ਿਲ੍ਹਾ ਹਸਪਤਾਲ ਦੀ ਟੋਕਨ ਖਿੜਕੀ ਉਪਰ ਸਵੇਰੇ 7 ਵਜੇ ਤੋਂ ਵੱਡੀ ਗਿਣਤੀ ’ਚ ਔਰਤਾਂ ਕਤਾਰਾਂ ’ਚ ਖੜ੍ਹੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ 11 ਵਜੇ ਤੱਕ ਪਰਚੀਆਂ ਨਹੀਂ ਕੱਟੀਆਂ ਜਾਣੀਆਂ ਤਾਂ ਉਨ੍ਹਾਂ ਹਾਲ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਦੀ ਮੰਗ ਸੀ ਕਿ ਪਰਚੀਆਂ ਕੱਟ ਦਿੱਤੀਆਂ ਜਾਣ ਪਰ ਹੜਤਾਲ ਕਾਰਨ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ। ਡਾਕਟਰ ਅਰਪਨਾ ਦੀ ਅਗਵਾਈ ਹੇਠ ਡਾ. ਆਲਮਜੀਤ ਢਿੱਲੋਂ, ਡਾ. ਹਰਸ਼ਪ੍ਰੀਤ ਕੌਰ, ਡਾ. ਅਭੀਸ਼ੇਕ ਖੇਡਾ, ਡਾ. ਪਰਮਦੀਪ, ਡਾ. ਵਿਸ਼ਵਜੋਤ ਅਤੇ ਡਾ. ਸਿਮਰਦੀਪ ਕੌਰ ਹੋਰਾਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਵਾਸਤੇ ਲੰਬੇ ਸਮੇਂ ਤੋਂ ਸਰਕਾਰ ਕੋਲ ਬੇਨਤੀਆਂ ਕਰ ਰਹੇ ਹਨ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਹੁਣ ਸੰਘਰਸ਼ ਦਾ ਰਾਹ ਚੁਣਿਆ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਨੂੰ ਲੈਕੇ ਮਾਨਸਾ ਵਿਖੇ 8 ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਇਸ ਹੜਤਾਲ ਕਾਰਨ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਐਸੋਸੀਏਸ਼ਨ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾ. ਗੁਰਜੀਵਨ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੁੱਦੇ ’ਤੇ ਮਹਿਲਾ ਡਾਕਟਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫ਼ ਤੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ’ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਵਾਰ-ਵਾਰ ਮੀਟਿੰਗਾਂ ਵਿੱਚ ਸਮਾਂਬੱਧ ਤਰੱਕੀਆਂ ਸਬੰਧੀ ਕੋਈ ਨੋਟੀਫਿਕੇਸ਼ਨ ਲੈਕੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ 16 ਸਤੰਬਰ ਜੇਕਰ ਨੌਬਤ ਆਈ ਤਾਂ ਹਰ ਤਰ੍ਹਾਂ ਦੇ ਮੈਡੀਕੋ ਲੀਗਲ ਸੇਵਾਵਾਂ ਵੀ ਡਾਕਟਰ ਮਜਬੂਰ ਹੋਕੇ ਛੱਡ ਜਾਣਗੇ।