ਗਗਨ ਅਰੋੜਾ
ਲੁਧਿਆਣਾ, 10 ਸਤੰਬਰ
ਇੱਥੇ ਪੱਖੋਵਾਲ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ’ਚ ਬੀਤੀ ਰਾਤ ਇੱਕ ਪਰਿਵਾਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਪਰਿਵਾਰ ਨੇ ਇੱਕ ਗਰਭਵਤੀ ਔਰਤ ਦੇ ਇਲਾਜ ’ਚ ਲਾਪਰਵਾਹੀ ਦਾ ਦੋਸ਼ ਲਾਇਆ। ਜਾਗ੍ਰਿਤੀ ਦੇ ਪਤੀ ਰਜਤ ਧੀਰ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਇੱਕ ਨਿੱਜੀ ਹਸਪਤਾਲ ਦੀ ਡਾਕਟਰ ਕੋਲ ਪਿਛਲੇ 9 ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ। ਰਜਤ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰ ਨੇ ਸਕੈਨ ਕਰਵਾਉਣ ਲਈ ਕਿਹਾ। ਸਕੈਨ ਦੌਰਾਨ ਡਾਕਟਰ ਨੇ ਕਿਹਾ ਕਿ ਬੱਚੇ ਦੇ ਦਿਲ ਦੀ ਧੜਕਣ ਘੱਟ ਹੈ ਅਤੇ ਉਸਦੀ ਹਾਲਤ ਖਰਾਬ ਹੈ ਅਤੇ ਉਹ ਜਾਗ੍ਰਿਤੀ ਨੂੰ ਤੁਰੰਤ ਡੀਐੱਮਸੀ ਹਸਪਤਾਲ ਲੈ ਜਾਣ।
ਰਜਤ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਤੋਂ ਐਂਬੂਲੈਂਸ ਮੰਗਵਾਈ ਗਈ ਸੀ, ਪਰ ਉਹ ਨਹੀਂ ਆਈ। ਇਸ ਤੋਂ ਇਲਾਵਾ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਸਨ। ਜਦੋਂ ਉਹ ਉਸ ਨੂੰ ਡੀਐੱਮਸੀ ਹਸਪਤਾਲ ਲੈ ਕੇ ਗਿਆ ਤਾਂ ਉਸ ਦੀ ਪਤਨੀ ਦਾ ਅਪਰੇਸ਼ਨ ਹੋਇਆ ਅਤੇ ਉਸ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਰਜਤ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਡਾਕਟਰ ਨੂੰ ਮਿਲਣ ਲਈ ਪਹੁੰਚੇ ਤਾਂ ਕਿਸੇ ਨੇ ਵੀ ਗੇਟ ਨਹੀਂ ਖੋਲ੍ਹਿਆ। ਕਰੀਬ ਅੱਧੇ ਘੰਟੇ ਬਾਅਦ ਜਦੋਂ ਗੇਟ ਖੋਲ੍ਹਿਆ ਗਿਆ ਤਾਂ ਡਾਕਟਰ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਸ ਨੂੰ ਮਰੀਜ਼ ਦੀ ਹਾਲਤ ਖ਼ਰਾਬ ਹੋਣ ਬਾਰੇ ਸਮੇਂ ਸਿਰ ਨਹੀਂ ਦੱਸਿਆ ਗਿਆ ਸੀ।
ਥਾਣਾ ਡਿਵੀਜ਼ਨ 5 ਦੇ ਐੱਸਐੱਚਓ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪਰਿਵਾਰ ਨੇ ਚੌਕੀ ਕੋਚਰ ਮਾਰਕੀਟ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਡਾਕਟਰ ਨੇ ਸਾਰੇ ਦੋਸ਼ ਨਕਾਰੇ
ਡਾਕਟਰ ਨੇ ਜਾਗ੍ਰਿਤੀ ਦੇ ਪਰਿਵਾਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪਰਿਵਾਰ ਜਾਗ੍ਰਿਤੀ ਨੂੰ ਲੈ ਕੇ ਆਇਆ ਤਾਂ ਉਸ ਦੀ ਜਾਂਚ ਕੀਤੀ ਗਈ ਅਤੇ ਦੱਸਿਆ ਗਿਆ ਕਿ ਬੱਚਾ ਹਿੱਲ ਨਹੀਂ ਰਿਹਾ ਅਤੇ ਉਸ ਦੇ ਦਿਲ ਦੀ ਧੜਕਣ ਬਹੁਤ ਘੱਟ ਸੀ। ਉਸਨੂੰ ਤੁਰੰਤ ਲੈ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਈਸੀਯੂ ਅਤੇ ਐਨਆਈਸੀਯੂ ਦੀ ਸਹੂਲਤ ਨਹੀਂ ਹੈ। ਉਨ੍ਹਾਂ ਕੋਲ ਵੈਂਟੀਲੇਟਰ ਦੀ ਸਹੂਲਤ ਨਹੀਂ ਸੀ ਜਿਸ ਦੀ ਬੱਚੇ ਨੂੰ ਲੋੜ ਸੀ ਜਿਸ ਕਾਰਨ ਰੈਫ਼ਰ ਕੀਤਾ ਗਿਆ।