ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਸਤੰਬਰ
ਇੱਥੇ ਲੁਧਿਆਣਾ-ਦੋਰਾਹਾ ਰੋਡ ’ਤੇ ਬਣੇ ਦੱਖਣੀ ਬਾਈਪਾਸ ਦੇ ਐਲੀਵੇਟਿਡ ਪੁੱਲ ਦੀ ਇੱਕ ਸਲੈਬ ਇੱਕ ਵਾਰ ਮੁੜ ਟੁੱਟ ਗਈ ਹੈ ਜਿਸ ਤੋਂ ਬਾਅਦ ਇਸ ਹਿੱਸੇ ਨੂੰ ਭਾਰੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਥਾਂ ’ਤੇ ਅੱਠ ਸਾਲ ਪਹਿਲਾਂ ਵੀ ਸਲੈਬ ਟੁੱਟੀ ਸੀ। ਇਸ ਸਬੰਧੀ ਪੀਡਬਲਿਊਡੀ ਵਿਭਾਗ ਨੂੰ ਨਗਰ ਨਿਗਮ ਨੇ ਚਿੱਠੀ ਵੀ ਲਿੱਖ ਦਿੱਤੀ ਹੈ। ਇਸ ਸਲੈਬ ਦੇ ਟੁੱਟਣ ਤੋਂ ਬਾਅਦ ਨਗਰ ਨਿਗਮ, ਪੀਡਬਲਿਊਡੀ ਵਿਭਾਗ ਤੇ ਟਰੈਫਿਕ ਪੁਲੀਸ ਨੇ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਭਾਈ ਰਣਧੀਰ ਸਿੰਘ ਨਗਰ ਅਤੇ ਸਰਾਭਾ ਨਗਰ ਦੇ ਕੱਟ ’ਤੇ ਇਸ ਤੋਂ ਪਹਿਲਾਂ ਵੀ ਦੱਖਣੀ ਬਾਈਪਾਸ ਐਲੀਵੇਟਿਡ ਪੁਲ ’ਤੇ ਸਲੈਬ ਟੁੱਟੀ ਸੀ। ਮਾਰਚ 2016 ਵਿੱਚ ਜਿਸ ਥਾਂ ’ਤੇ ਨੁਕਸਾਨ ਹੋਇਆ ਸੀ, ਉਸੇ ਥਾਂ ਦੇ ਨੇੜੇ ਇਸ ਵਾਰ ਫਿਰ ਸਲੈਬ ਟੁੱਟ ਗਈ ਹੈ। ਪੁਲ ਦੇ ਥੱਲੇ ਸਾਰੇ ਸਰੀਏ ਦਿਖ ਰਹੇ ਹਨ ਜਿਸ ਬਾਰੇ ਪਤਾ ਲੱਗਦਿਆਂ ਹੀ ਪੀਡਬਲਿਊਡੀ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਜਾਂਚ ਕਰਨ ਲਈ ਪੁੱਜੇ। ਐੱਸਈ ਰਾਜੀਵ ਸੈਣੀ ਨੇ ਦੱਸਿਆ ਕਿ ਸਲੈਬ ਦਾ ਕੁੱਝ ਹਿੱਸਾ ਨੁਕਸਾਨਿਆ ਗਿਆ ਹੈ। ਹਾਲਾਂਕਿ ਇਸ ਦੇ ਕਾਰਨ ਸਪੱਸ਼ਟ ਨਹੀਂ ਹਨ, ਪਰ ਉਨ੍ਹਾਂ ਟਰੈਫਿਕ ਪੁਲੀਸ ਨੂੰ ਭਾਰੀ ਆਵਾਜਾਈ ਨੂੰ ਬਦਲਵੇਂ ਰੂਟ ’ਤੇ ਪਾਉਣ ਦੀ ਅਪੀਲ ਕੀਤੀ ਹੈ। ਏਸੀਪੀ ਟਰੈਫਿਕ ਚਰਨਜੀਵ ਲਾਂਬਾ ਨੇ ਦੱਸਿਆ ਕਿ ਵਿਭਾਗ ਨੂੰ ਪੱਤਰ ਮਿਲ ਗਿਆ ਹੈ ਅਤੇ ਇਸ ਪੁਲ ’ਤੇ ਆਵਾਜਾਈ ਬੰਦ ਹੋਣ ਦੌਰਾਨ ਟਰੈਫਿਕ ਨੂੰ ਬਦਲਵੇਂ ਰੂਟ ’ਤੇ ਪਾਇਆ ਜਾਵੇਗਾ ਜਿਸ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਭਲਕੇ ਬੁੱਧਵਾਰ ਨੂੰ ਇਸ ’ਤੇ ਕੰਮ ਕੀਤਾ ਜਾਵੇਗਾ।