ਪੱਤਰ ਪ੍ਰੇਰਕ
ਅਮਲੋਹ, 10 ਸਤੰਬਰ
ਅਮਲੋਹ ਦੇ ਵਪਾਰੀਆਂ, ਉਦਯੋਗਪਤੀਆਂ, ਸ਼ੈੱਲਰ ਅਤੇ ਕੋਲਡ ਸਟੋਰ ਮਾਲਕਾਂ ਦੀ ਟਰੱਕ ਯੂਨੀਅਨ ਨਾਲ ਪੈਦਾ ਹੋਈ ਟਕਰਾਅ ਦੀ ਸਥਿਤੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵੱਲੋਂ ਦੋਵੇਂ ਧਿਰਾਂ ਵਿੱਚ ਸਹਿਮਤੀ ਕਰਵਾਉਣ ਤੋਂ ਬਾਅਦ ਖ਼ਤਮ ਹੋ ਗਈ। ਵਰਨਣਯੋਗ ਹੈ ਕਿ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਟਰੱਕ ਯੂਨੀਅਨ ਨਹੀਂ ਸੀ ਜਿਸ ਕਾਰਨ ਕਾਰੋਬਾਰੀ ਟਰਾਂਸਪੋਰਟ ਕੰਪਨੀਆਂ ਤੋਂ ਟਰੱਕ ਲੈਂਦੇ ਸਨ ਪਰ ਕੁਝ ਦਿਨਾਂ ਤੋਂ ਟਰੱਕ ਅਪਰੇਟਰਾਂ ਵੱਲੋਂ ਇਕੱਠੇ ਹੋ ਕੇ ਮੁੜ ਯੂਨੀਅਨ ਦਾ ਗਠਨ ਕਰ ਕੇ ਸ਼ਿੰਗਾਰਾ ਸਿੰਘ ਸਲਾਣਾ ਨੂੰ ਆਪਣਾ ਪ੍ਰਧਾਨ ਚੁਣ ਲਿਆ ਜਿਸ ਦਾ ਸਥਾਨਕ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਮਾਹੌਲ ਨੂੰ ਵਿਧਾਇਕ ਦੀ ਰਿਹਾਇਸ਼ ਉੱਪਰ ਦੋਵਾਂ ਧਿਰਾਂ ਨੇ ਮੀਟਿੰਗ ਕਰ ਕੇ ਹੱਲ ਕਰ ਲਿਆ। ਟਰੱਕ ਯੂਨੀਅਨ ਵੱਲੋਂ ਕਾਰੋਬਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਚੱਲ ਰਹੇ ਭਾੜੇ ਤੋਂ ਵੱਧ ਭਾੜਾ ਨਹੀਂ ਵਸੂਲਣਗੇ। ਯੂਨੀਅਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਕਾਰੋਬਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹ ਸਭ ਤੋਂ ਪਹਿਲਾਂ ਯੂਨੀਅਨ ਤੋਂ ਹੀ ਟਰੱਕ ਲੈਣਗੇ ਨਾ ਮਿਲਣ ’ਤੇ ਹੀ ਉਹ ਕਿਸੇ ਬਾਹਰਲੀ ਯੂਨੀਅਨ ਤੋਂ ਟਰੱਕ ਮੰਗਵਾਉਣਗੇ।