ਅਮਨਦੀਪ ਸਿੰਘ
ਅੱਜ ਦੇ ਜਾਣਕਾਰੀ ਦੇ ਦਬਾਅ ਭਰਪੂਰ ਯੁੱਗ ਵਿੱਚ ਸਾਡੇ ਸਭ ਲਈ ਮੀਡੀਆ ਸਾਖਰਤਾ ਦੀ ਯੋਗਤਾ ਅਤਿ ਜ਼ਰੂਰੀ ਹੈ। ਇੱਕ ਲੋਕਤੰਤਰੀ ਸਮਾਜ ਵਿੱਚ ਵਿਭਿੰਨ ਦ੍ਰਿਸ਼ਟੀਕੋਣ ਮਹੱਤਵਪੂਰਨ ਹੁੰਦੇ ਹਨ ਅਤੇ ਮੀਡੀਆ ਸਾਖਰਤਾ ਆਲੋਚਨਾਤਮਕ ਸੋਚ ਨੂੰ ਸਮਰੱਥ ਬਣਾਉਂਦੀ ਹੈ। ਲੋਕਾਂ ਨੂੰ ਵਿਸ਼ਾਲ ਮੀਡੀਆ ਸਾਗਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੈਰਨ ਵਿੱਚ ਮਦਦ ਕਰਦੀ ਹੈ। ਹਰ ਰੋਜ਼ ਅਸੀਂ ਇੰਨੀ ਜ਼ਿਆਦਾ ਜਾਣਕਾਰੀ ਸੁਣਦੇ-ਪੜ੍ਹਦੇ ਤੇ ਦੇਖਦੇ ਹਾਂ ਕਿ ਸਾਡੇ ਲਈ ਝੂਠ ਤੇ ਭਰੋਸੇਯੋਗ ਜਾਣਕਾਰੀ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਲੋਕ ਰੋਜ਼ਾਨਾ ਕਈ ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਇਸ ਕਰਕੇ ਉਸ ਸਮੱਗਰੀ ਨੂੰ ਗੰਭੀਰਤਾ ਨਾਲ ਸਮਝਣ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ ਬਹੁਤ ਮਹੱਤਵਪੂਰਨ ਹੈ। ਇੰਨਾ ਜ਼ਿਆਦਾ ਮੀਡੀਆ ਦਾ ਉਪਭੋਗ ਕਰਨ ਨਾਲ ਸਾਡੇ ਦਿਲੋ-ਦਿਮਾਗ਼ ’ਤੇ ਅਸਰ ਹੋਣਾ ਸੁਭਾਵਿਕ ਹੈ ਜਿਸ ਨਾਲ ਅਸੀਂ ਹੋਰ ਵੀ ਜ਼ਿਆਦਾ ਭੰਬਲਭੂਸੇ ਵਿੱਚ ਪੈ ਜਾਂਦੇ ਹਾਂ। ਸਾਡੀ ਆਲੋਚਨਾਤਮਕ/ਤਰਕਸ਼ੀਲ ਸੋਚ ਰੁਕ ਜਾਂਦੀ ਹੈ ਤੇ ਸਾਡੇ ਲਈ ਸੱਚੀ ਤੇ ਝੂਠੀ ਜਾਣਕਾਰੀ ਵਿੱਚ ਫ਼ਰਕ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਨਾਲ ਸਹੀ ਫ਼ੈਸਲੇ ਲੈਣੇ ਮੁਸ਼ਕਿਲ ਹੋ ਸਕਦੇ ਹਨ।
ਮਨੁੱਖ ਇੱਕ ਸਮਾਜਿਕ ਜੀਵ ਹੈ ਤੇ ਮੀਡੀਆ ਇੱਕ ਮੁੱਖ ਸਾਧਨ ਹੈ ਜਿਸ ਨਾਲ ਅਸੀਂ ਇੱਕ-ਦੂਜੇ ਨਾਲ ਤਾਲਮੇਲ ਰੱਖਦੇ ਹਾਂ। ਮੀਡੀਆ ਸਾਡੀ ਸਵੈ ਦੀ ਭਾਵਨਾ, ਸਮਾਜ ਅਤੇ ਸੰਸਾਰ ਦੀ ਸਮਝ ਵਿੱਚ ਯੋਗਦਾਨ ਪਾਉਂਦਾ ਹੈ, ਪਰ ਮੀਡੀਆ ਦੇ ਸਕਾਰਾਤਮਕ ਅਤੇ ਨਕਾਰਾਤਮਕ, ਦੋਵੇਂ ਤਰ੍ਹਾਂ ਦੇ ਪ੍ਰਭਾਵ ਹੋ ਸਕਦੇ ਹਨ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਲੋਕ ਆਪਣੇ ਸਮਾਜਿਕ ਗੁੱਟਾਂ ਤੋਂ ਮਿਲੀ ਜਾਣਕਾਰੀ ਜੋ ਉਨ੍ਹਾਂ ਦੇ ਪਹਿਲਾਂ ਤੋਂ ਮੌਜੂਦ ਵਿਸ਼ਵਾਸਾਂ ਅਤੇ ਡਰਾਂ ਨਾਲ ਮੇਲ ਖਾਂਦੀ ਹੈ, ’ਤੇ ਜ਼ਿਆਦਾ ਭਰੋਸਾ ਕਰਦੇ ਹਨ ਅਤੇ ਉਸ ਨੂੰ ਅੱਗੇ ਸਾਂਝਾ ਕਰਦੇ ਹਨ। ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਮੀਡੀਆ ਇੱਕ ਵਪਾਰ ਹੈ! ਮੀਡੀਆ ਕੰਪਨੀਆਂ ਤੇ ਉਨ੍ਹਾਂ ਦੇ ਮਾਲਕਾਂ ਦਾ ਮੁੱਖ ਮੰਤਵ ਉਸ ਵਿੱਚੋਂ ਮੁਨਾਫ਼ਾ ਲੈਣਾ ਹੀ ਹੁੰਦਾ ਹੈ। ਸਾਨੂੰ ਮੀਡੀਆ ਨੂੰ ਸਿਸਟਮ ਦੀ ਸੋਚ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਜ਼ਿਆਦਾਤਰ ਮੀਡੀਆ ਵੱਡੇ ਪੱਧਰ ਦੀਆਂ ਮੀਡੀਆ ਕਾਰਪੋਰੇਸ਼ਨਾਂ ਨਾਲ ਜੁੜਿਆ ਹੋਇਆ ਹੈ।
ਅੱਜਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਜ਼ੋਰ ਹੈ। ਸੋਸ਼ਲ ਮੀਡੀਆ ਪਲੈਟਫਾਰਮ ਕਿਸੇ ਵੀ ਖ਼ਬਰ ਜਾਂ ਪੋਸਟ ਨੂੰ ਵਾਇਰਲ ਕਰਨ ਤੇ ਵਧਾਉਣ ਲਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ ਜੋ ਅਕਸਰ ਸਨਸਨੀਖੇਜ਼ ਜਾਂ ਭਾਵਨਾਤਮਕ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਵਿੱਚ ਜਾਅਲੀ ਖ਼ਬਰਾਂ ਸ਼ਾਮਲ ਹੁੰਦੀਆਂ ਹਨ। ਇਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਆਪਸੀ ਤਾਲਮੇਲ ਵਧਦਾ ਹੈ, ਪਰ ਇਹ ਵਰਤਾਰਾ ਗ਼ਲਤ ਜਾਣਕਾਰੀ ਨੂੰ ਵੀ ਵਧਾਉਂਦਾ ਹੈ। ਸਵੈਚਾਲਿਤ ਖਾਤੇ ਜਾਂ ਬੋਟ (Bots) ਗ਼ਲਤ ਜਾਣਕਾਰੀ ਨੂੰ ਵਧੇਰੇ ਕੁਸ਼ਲਤਾ ਅਤੇ ਵਿਆਪਕ ਤੌਰ ’ਤੇ ਫੈਲਾ ਸਕਦੇ ਹਨ ਤੇ ਕਿਸੇ ਵੀ ਮੁੱਦੇ ਨੂੰ ਹੋਰ ਗੁੰਝਲਦਾਰ ਬਣਾ ਸਕਦੇ ਹਨ। ਚਲਾਕ ਤੇ ਖਤਰਨਾਕ ਲੋਕ ਉਨ੍ਹਾਂ ਦੀ ਵਰਤੋਂ ਸੋਸ਼ਲ ਮੀਡੀਆ ਪ੍ਰਣਾਲੀਆਂ ਅਤੇ ਮਨੁੱਖੀ ਮਨੋਵਿਗਿਆਨ ਦੀਆਂ ਕਮਜ਼ੋਰੀਆਂ ਦਾ ਸ਼ੋਸ਼ਣ ਕਰਨ ਲਈ ਕਰਦੇ ਹਨ।
ਅੱਜ ਮਸਨੂਈ ਬੁੱਧੀ (ਏ.ਆਈ.) ਦੇ ਯੁੱਗ ਵਿੱਚ ਤੱਥਾਂ ਨੂੰ ਚੈੱਕ ਕਰਨ ਦੇ ਤਰੀਕੇ ਵੀ ਬਦਲ ਗਏ ਹਨ। ਡੈਨ ਐਵਨ (ਸੀਨੀਅਰ ਮੈਨੇਜਰ, ਨਿਊਜ਼ ਲਿਟ ਡਾਟ ਓਰਗ) ਸਾਨੂੰ ਤੱਥਾਂ ਨੂੰ ਚੈੱਕ ਕਰਨ ਦੇ ਪੰਜ ਨਿਯਮ ਸੁਝਾਉਂਦਾ ਹੈ:
ਸੰਦਰਭ – ਝੂਠਾ ਜਾਂ ਪੁਰਾਣਾ ਜਿਸ ਦੀ ਅੱਜ ਕੋਈ ਅਹਿਮੀਅਤ ਨਹੀਂ। ਜਿਵੇਂ ਕਿ ਬਹੁਤ ਵਾਰੀ ਪੁਰਾਣੀ ਤੇ ਅਸਲੀ ਫੋਟੋ ਜਾਂ ਵੀਡੀਓ ਨੂੰ ਕਿਸੇ ਹੋਰ ਸੰਦਰਭ ਵਿੱਚ ਪੇਸ਼ ਕਰਨਾ ਤਾਂ ਜੋ ਝੂਠੀ ਜਾਣਕਾਰੀ ਸੱਚੀ ਦਿਖੇ। ਇਸ ਨੂੰ ਚੈੱਕ ਕਰਨ ਲਈ ਤੁਸੀਂ ਉਸ ਫੋਟੋ ਜਾਂ ਵੀਡੀਓ ਨੂੰ ਇੰਟਰਨੈੱਟ ’ਤੇ ਲੱਭ ਸਕਦੇ (Reverse Image Search) ਹੋ ਤੇ ਸਹੀ ਸੰਦਰਭ ਜਾਣ ਸਕਦੇ ਹੋ। ਇਹ ਔਨਲਾਈਨ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤੀਆਂ ਜਾਣ ਵਾਲੀਆਂ ਸਭ ਤੋਂ ਆਮ ਚਾਲਾਂ ਹਨ।
ਪ੍ਰਮਾਣ – ਇਹ ਤੱਥ ਜਾਂਚ ਕਰਨ ਦੀ ਇੱਕ ਬੁਨਿਆਦੀ ਯੋਗਤਾ ਹੈ ਕਿ ਤੁਸੀਂ ਔਨਲਾਈਨ ਜੋ ਕੁਝ ਵੀ ਦੇਖਦੇ ਹੋ ਕੀ ਉਹ ਅਸਲੀ ਹੈ, ਬਦਲਿਆ ਹੋਇਆ ਜਾਂ ਮਨਘੜਤ ਤਾਂ ਨਹੀਂ ਹੈ। ਜਿਵੇਂ ਕਿ ਫੋਟੋ/ਵੀਡੀਓ ਏ.ਆਈ. ਨੇ ਬਣਾਇਆ ਹੈ ਜਾਂ ਮਨੁੱਖਾਂ ਨੇ। ਕੀ ਅਸਲੀ ਫੋਟੋ ਵਿੱਚ ਫੇਰ-ਬਦਲ ਤਾਂ ਨਹੀਂ ਕੀਤਾ ਗਿਆ? ਅਸੀਂ ਜਿੰਨੇ ਜ਼ਿਆਦਾ ਪ੍ਰਮਾਣ ਚੈੱਕ ਕਰੀਏ ਓਨਾ ਵਧੀਆ ਹੈ। ਉਦਾਹਰਨ ਦੇ ਤੌਰ ’ਤੇ ਜਨਵਰੀ 2024 ਵਿੱਚ ਸੋਸ਼ਲ ਮੀਡੀਆ ’ਤੇ ਇੱਕ ਨਕਲੀ ਫੋਟੋ ਵਿੱਚ ਆਈਫਲ ਟਾਵਰ ਨੂੰ ਅੱਗ ਦੀਆਂ ਲਪਟਾਂ ਵਿੱਚ ਸੜਦਾ ਦਿਖਾਇਆ ਗਿਆ ਸੀ, ਪਰ ਜੇ ਦੇਖਿਆ ਜਾਵੇ ਤਾਂ ਹੋਰ ਕੋਈ ਵੀ ਨਿਊਜ਼ ਏਜੰਸੀ ਜਾਂ ਚੈਨਲ ਉਸ ਖ਼ਬਰ ਨੂੰ ਨਹੀਂ ਦਿਖਾ ਰਿਹਾ ਸੀ ਕਿਉਂਕਿ ਉਹ ਖ਼ਬਰ ਸੱਚੀ ਨਹੀਂ ਸੀ। ਜੇ ਤੁਸੀਂ ਕਿਤੇ ਇਹੋ ਜਿਹੀ ਸਨਸਨੀਖ਼ੇਜ਼ ਖ਼ਬਰ ਦੇਖੋ-ਸੁਣੋ ਤਾਂ ਖ਼ਬਰਾਂ ਦੇ ਪ੍ਰਮਾਣਿਕ ਸਰੋਤ ਦੇਖੋ ਜਾਂ ਸੁਣੋ ਤੇ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ਜੇ ਉਹ ਖ਼ਬਰ ਸੱਚ ਹੈ ਤਾਂ ਹੋਰ ਕੀ ਸੱਚ ਹੋ ਸਕਦਾ ਹੈ?
ਤਰਕ – ਗ਼ਲਤ ਜਾਣਕਾਰੀ ਅਕਸਰ ਸਾਡੇ ਬੋਧਾਤਮਕ ਪੱਖਪਾਤ/ਝੁਕਾ ਅਤੇ ਤਰਕਪੂਰਨ ਭੁਲੇਖਿਆਂ ਪ੍ਰਤੀ ਕਮਜ਼ੋਰੀ ਦਾ ਸ਼ੋਸ਼ਣ ਕਰਨ ਲਈ ਤਿਆਰ ਕੀਤੀ ਜਾਂਦੀ ਹੈ। ਜਿਵੇਂ ਕਿ ਪਿੱਛੇ ਜਿਹੇ ਜਦੋਂ ਇੱਕ ਅਮਰੀਕਨ ਫੁੱਟਬਾਲ ਖਿਡਾਰੀ ਖੇਡਦੇ ਹੋਏ ਡਿੱਗ ਪਿਆ ਤਾਂ ਮਿੰਟਾਂ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ ਕਿ ਉਹ ਕੋਵਿਡ-19 ਵੈਕਸੀਨ ਕਰਕੇ ਡਿੱਗ ਪਿਆ। ਜਦੋਂਕਿ ਅਜੇ ਉਹ ਹਸਪਤਾਲ ਵੀ ਨਹੀਂ ਪਹੁੰਚਿਆ ਸੀ ਤੇ ਡਾਕਟਰਾਂ ਨੇ ਉਸ ਨੂੰ ਚੈੱਕ ਵੀ ਨਹੀਂ ਸੀ ਕੀਤਾ। ਬਾਅਦ ਵਿੱਚ ਡਾਕਟਰਾਂ ਨੇ ਦੱਸਿਆ ਕਿ ਅਸਲ ਵਿੱਚ ਉਸ ਨੂੰ ਜ਼ੋਰ ਦੇਣੀ ਧੱਕਾ ਲੱਗਣ ’ਤੇ ਦਿਲ ਦਾ ਦੌਰਾ ਪੈ ਗਿਆ ਸੀ। ਇਸ ਤਰ੍ਹਾਂ ਚਲਾਕ ਲੋਕ ਇਹੋ ਜਿਹੀਆਂ ਸਨਸਨੀਖ਼ੇਜ਼ ਖ਼ਬਰਾਂ ਨੂੰ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤਦੇ ਹਨ।
ਸਬੂਤ – ਜਿਵੇਂ ਕਿ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਉਵੇਂ ਹੀ ਗ਼ਲਤ ਜਾਣਕਾਰੀ ਵਿੱਚ ਕੁਦਰਤੀ ਹੀ ਠੋਸ ਸਬੂਤਾਂ ਦੀ ਘਾਟ ਹੁੰਦੀ ਹੈ, ਪਰ ਉਹ ਅਕਸਰ ਲੋਕਾਂ ਨੂੰ ਜਾਂ ਤਾਂ ਉਸ ਤੱਥ ਨੂੰ ਨਜ਼ਰਅੰਦਾਜ਼ ਕਰਨ ਜਾਂ ਝੂਠੇ ਸਬੂਤ ਨੂੰ ਮੰਨਣ ਲਈ ਉਕਸਾਉਂਦੀ ਹੈ। ਦਾਅਵੇ ਲਈ ਸਬੂਤ ਦਾ ਮੁਲਾਂਕਣ ਕਰਨਾ ਤੱਥ-ਜਾਂਚ ਕਰਨ ਦੀ ਇੱਕ ਪ੍ਰਮੁੱਖ ਯੋਗਤਾ ਹੈ।
ਸਰੋਤ – ਕਿਸੇ ਵੀ ਖ਼ਬਰ ਦੇ ਸਾਰੇ ਸਰੋਤ ਇੱਕੋ ਜਿਹੇ ਨਹੀਂ ਹੁੰਦੇ, ਪਰ ਜਦੋਂ ਅਸੀਂ ਔਨਲਾਈਨ ਸਮੱਗਰੀ ਫਟਾ-ਫਟ ਦੇਖਦੇ ਹਾਂ ਤਾਂ ਆਸਾਨੀ ਨਾਲ ਮਹੱਤਵਪੂਰਨ ਅੰਤਰ ਅੱਖੋਂ-ਪਰੋਖੇ ਕਰ ਸਕਦੇ ਹਾਂ। ਖ਼ਾਸ ਤੌਰ ਤੇ ਜਦੋਂ ਉਹ ਖ਼ਬਰਾਂ ਸਾਡੀਆਂ ਭਾਵਨਾਵਾਂ ਨੂੰ ਉਕਸਾਉਂਦੀਆਂ ਹਨ।
ਉੱਪਰ ਦਿੱਤੇ ਨਿਯਮ ਸਾਨੂੰ ਥੋੜ੍ਹਾ ਠਹਿਰ ਕੇ, ਠਰੰਮੇ ਨਾਲ ਸੰਦਰਭ ਬਾਰੇ ਸੋਚਣ ਲਈ ਪ੍ਰੇਰਿਤ ਕਰਦੇ ਹਨ ਤਾਂ ਕਿ ਅਸੀਂ ਹੇਠਾਂ ਦਿੱਤੇ ਸਵਾਲ ਪੁੱਛ ਸਕੀਏ:
ਕੀ ਇਹ ਪ੍ਰਮਾਣਿਕ ਹੈ?
ਕੀ ਇਹ ਠੋਸ ਤਰਕ ’ਤੇ ਆਧਾਰਿਤ ਹੈ।
ਇਸ ਦਾ ਸਬੂਤ ਕੀ ਹੈ?
ਜਦੋਂ ਅਸੀਂ ਇਨ੍ਹਾਂ ਸਵਾਲਾਂ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖਦੇ ਹਾਂ ਤਾਂ ਕਿਸੇ ਜਾਣਕਾਰੀ/ਪੋਸਟ/ਤਸਵੀਰ ਨੂੰ ਬਿਨਾਂ ਸੋਚੇ ਸਮਝੇ ਸੱਚ ਮੰਨਣ ਦੀ ਬਜਾਏ ਅਸੀਂ ਥੋੜ੍ਹਾ ਰੁਕ ਕੇ ਆਲੋਚਨਾਤਮਕ ਤੌਰ ’ਤੇ ਸੋਚ ਸਕਦੇ ਹਾਂ ਕਿ ਸਾਡੇ ਅੱਗੇ ਪੇਸ਼ ਕੀਤੀ ਗਈ ਸਮੱਗਰੀ ਅਸਲ ਵਿੱਚ ਕੀ ਹੈ? ਅਤੇ ਹੋ ਸਕਦਾ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਉਹ ਸਮੱਗਰੀ ਪ੍ਰਮਾਣਿਕ ਨਹੀਂ ਹੈ।
ਇੱਕ ਇੰਟਰਵਿਊ ਵਿੱਚ ਡਾ. ਐਂਥਨੀ ਫੌਚੀ (ਅਮਰੀਕਾ ਦੇ ਰਾਸ਼ਟਰਪਤੀ ਦਾ ਸਾਬਕਾ ਮੁੱਖ ਮੈਡੀਕਲ ਸਲਾਹਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜ਼ੀ ਅਤੇ ਛੂਤ ਦੀਆਂ ਬਿਮਾਰੀਆਂ ਦਾ ਡਾਇਰੈਕਟਰ) ਕਹਿੰਦਾ ਹੈ ਕਿ ਕੋਵਿਡ ਪ੍ਰਤੀ ਸਾਡੀ ਜਨਤਕ ਸਿਹਤ ਪ੍ਰਤੀਕਿਰਿਆ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੁਆਰਾ ਗ਼ਲਤ ਜਾਣਕਾਰੀ ਦੇ ਫੈਲਾਅ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਸੰਸਾਰ ਵਿੱਚ ਕਿੰਨੀ ਗ਼ਲਤ ਜਾਣਕਾਰੀ ਭਰੀ ਪਈ ਹੈ ਤੇ ਬਦਕਿਸਮਤੀ ਨਾਲ ਲੋਕਾਂ ਦੀਆਂ ਜਾਨਾਂ ਵੀ ਲੈ ਰਹੀ ਹੈ। ਜਿਵੇਂ ਕਿ ਗ਼ਲਤ ਜਾਣਕਾਰੀ ਕਰਕੇ ਬਹੁਤ ਲੋਕ ਕੋਵਿਡ ਜਾਂ ਕੋਈ ਹੋਰ ਵੈਕਸੀਨ (ਟੀਕਾ) ਨਹੀਂ ਲਗਵਾਉਂਦੇ। ਇਸੇ ਤਰ੍ਹਾਂ ਹੀ ਕੋਵਿਡ-19 ਦੀ ਉਤਪਤੀ ਬਾਰੇ ਵੀ ਬਹੁਤ ਗ਼ਲਤ ਖ਼ਬਰਾਂ ਹਨ, ਜਿਵੇਂ ਕਿ ਕੋਵਿਡ ਵਾਇਰਸ ਇੱਕ ਚੀਨੀ ਪ੍ਰਯੋਗਸ਼ਾਲਾ ਵਿੱਚੋਂ ਲੀਕ ਹੋਇਆ ਸੀ, ਪਰ ਬਹੁਤੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਕੋਵਿਡ ਵਾਇਰਸ ਕੁਦਰਤੀ ਤੌਰ ’ਤੇ ਵਿਕਸਤ ਹੋਇਆ। ਫਿਰ ਵੀ ਸਾਨੂੰ ਆਪਣੇ ਆਪ ਨੂੰ ਨਿਰਪੱਖ ਰੱਖਣਾ ਚਾਹੀਦਾ ਹੈ ਜਦੋਂ ਤੱਕ ਅਸਲੀ ਅੰਕੜੇ, ਤੱਥ ਤੇ ਸਬੂਤ ਸਾਹਮਣੇ ਨਾ ਆ ਜਾਣ।
ਹਿਡਨ ਬ੍ਰੇਨ ਰੇਡੀਓ ਪੌਡਕਾਸਟ ਵਿੱਚ ਅਰਥਸ਼ਾਸਤਰੀ ਐਲੈਕਸ ਐਡਮਨਜ਼ ਦੱਸਦਾ ਹੈ ਕਿ ਆਸਟਰੇਲੀਆ ਵੱਸਦੀ ਇੱਕ ਠੱਗ ਤੇ ਨਕਲੀ-ਵਿਗਿਆਨ ਦੀ ਸਲਾਹਕਾਰ ਬੈੱਲ ਗਿਬਸਨ ਨੇ 2014 ਵਿੱਚ ਆਪਣੇ ਬਲਾਗ ਰਾਹੀਂ ਇਹ ਦਾਅਵਾ ਕੀਤਾ ਕਿ ਸਾਫ਼-ਸੁਥਰੇ ਖਾਣੇ ਤੇ ਕੁਦਰਤੀ ਉਪਚਾਰ ਨਾਲ ਉਸ ਦਾ ਕੈਂਸਰ ਠੀਕ ਹੋ ਗਿਆ ਹੈ ਜੋ ਕਿ ਕੀਮੋਥੈਰੇਪੀ ਤੇ ਹੋਰ ਡਾਕਟਰੀ ਇਲਾਜ ਨਾਲ ਠੀਕ ਨਹੀਂ ਹੋ ਰਿਹਾ ਸੀ। ਉਸ ਦੀ ਇਹ ਕਹਾਣੀ ਵਾਇਰਲ ਹੋ ਗਈ ਤੇ ਪੂਰੀ ਦੁਨੀਆ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸਿੱਟੇ ਵਜੋਂ ਹੋ ਸਕਦਾ ਹੈ ਕਿ ਅਨੇਕਾਂ ਲੋਕਾਂ ਨੇ ਆਪਣੀਆਂ ਬਿਮਾਰੀਆਂ ਦਾ ਡਾਕਟਰੀ ਇਲਾਜ ਛੱਡ ਕੇ ਕੁਦਰਤੀ ਇਲਾਜ ਤੇ ਸਾਫ਼-ਸੁਥਰਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਹੋਵੇ। ਬੈੱਲ ਗਿਬਸਨ ਨੂੰ ਪੈਂਗੂਇਨ ਆਸਟਰੇਲੀਆ ਵੱਲੋਂ ਕੈਂਸਰ ਖਤਮ ਕਰਨ ਵਾਲੇ ਖਾਣੇ ਬਣਾਉਣ ਦੇ ਨੁਸਖਿਆਂ ਦੀ ਕਿਤਾਬ ਛਾਪਣ ਦੀ ਪੇਸ਼ਕਸ਼ ਵੀ ਹੋਈ। ਉਸ ਨੇ ਇੱਕ ਐਪ ਵੀ ਲਾਂਚ ਕੀਤੀ, ਜਿੱਥੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਵਾਲੇ ਕੁਦਰਤੀ ਨੁਸਖ਼ੇ ਦੱਸੇ ਗਏ ਸਨ। ਪਰ ਇਸ ਸਭ ਕਾਸੇ ਵਿੱਚ ਇਸ ਗੱਲ ਦਾ ਲੁਕਾ ਸੀ ਕਿ ਉਸ ਨੂੰ ਕਦੇ ਕੈਂਸਰ ਸੀ ਹੀ ਨਹੀਂ। ਉਸ ਨੇ ਝੂਠ ਬੋਲਿਆ ਸੀ ਕਿ ਉਸ ਨੂੰ ਕੈਂਸਰ ਸੀ ਜੋ ਕੁਦਰਤੀ ਤਰੀਕੇ ਨਾਲ ਬਿਨਾਂ ਡਾਕਟਰੀ ਇਲਾਜ ਦੇ ਠੀਕ ਹੋ ਗਿਆ ਸੀ। ਇਹ ਕਹਾਣੀ ਉਨ੍ਹਾਂ ਲੋਕਾਂ ਬਾਰੇ ਵੀ ਹੈ ਜੋ ਬਿਨਾਂ ਤੱਥਾਂ ਦੀ ਪਰਖ ਕੀਤਿਆਂ ਮੰਨ ਲੈਂਦੇ ਹਨ ਕਿ ਅਜਿਹਾ ਸੱਚ ਹੋ ਸਕਦਾ ਹੈ ਕਿ ਕਹਾਣੀ ਓਹੀ ਦੱਸਦੀ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਇਹ ਪੁਸ਼ਟੀਕਰਨ ਝੁਕਾ (Confirmation Bias) ਦੀ ਉਦਾਹਰਨ ਹੈ – ਪੁਸ਼ਟੀਕਰਨ ਝੁਕਾ ਮਨੋਵਿਗਿਆਨ ਅਨੁਸਾਰ ਇੱਕ ਤਰ੍ਹਾਂ ਦਾ ਤਰਕਦੋਸ਼ ਹੈ ਜਿਸ ਵਿੱਚ ਕੋਈ ਵਿਅਕਤੀ ਅਚੇਤ ਹੀ ਅਜਿਹੀ ਜਾਣਕਾਰੀ ਨੂੰ ਮਹੱਤਵ ਦਿੰਦਾ ਹੈ ਜੋ ਉਸ ਦੀਆਂ ਆਪਣੀਆਂ ਧਾਰਨਾਵਾਂ ’ਤੇ ਵਿਸ਼ਵਾਸਾਂ ਨਾਲ ਮੇਲ ਖਾਂਦੀ ਹੈ ਤੇ ਅਜਿਹੀ ਜਾਣਕਾਰੀ ਨੂੰ ਰੱਦ ਕਰ ਦੇਣਾ ਜੋ ਉਸ ਦੇ ਵਿਸ਼ਵਾਸਾਂ ’ਤੇ ਖਰੀ ਨਹੀਂ ਉਤਰਦੀ। ਚਲਾਕ ਲੋਕ ਮੀਡੀਆ ਰਾਹੀਂ ਲੋਕਾਂ ਦੇ ਪੁਸ਼ਟੀਕਰਨ ਝੁਕਾ ਦਾ ਫ਼ਾਇਦਾ ਉਠਾਉਂਦੇ ਹਨ। ਲੋਕ ਬੈੱਲ ਗਿਬਸਨ ਵਰਗੀਆਂ ਕਹਾਣੀਆਂ ਨੂੰ ਪਸੰਦ ਕਰਦੇ ਹਨ ਕਿਉਂਕਿ ਅਜਿਹਾ ਉਹ ਬਚਪਨ ਤੋਂ ਹੀ ਸੁਣਦੇ ਆਏ ਹਨ ਕਿ ਕੁਦਰਤੀ ਇਲਾਜ ਵਧੀਆ ਹੈ ਤੇ ਦਵਾਈਆਂ ਤੇ ਟੀਕਿਆਂ ਰਾਹੀਂ ਵੱਡੀਆਂ ਮੈਡੀਕਲ ਕੰਪਨੀਆਂ ਉਨ੍ਹਾਂ ਦੇ ਸਰੀਰਾਂ ਵਿੱਚ ਖ਼ਤਰਨਾਕ ਰਸਾਇਣਕ ਪਦਾਰਥਾਂ ਦਾ ਜ਼ਹਿਰ ਪਾ ਰਹੀਆਂ ਹਨ। ਸਾਨੂੰ ਆਪਣੇ ਪੁਸ਼ਟੀਕਰਨ ਝੁਕਾ ਸਮਝ ਕੇ ਤੇ ਇਹ ਜਾਣ ਕੇ ਕਿ ਕਿਵੇਂ ਚਲਾਕ ਲੋਕ, ਸੋਸ਼ਲ ਮੀਡੀਆ ਐਲਗਰੋਰਿਥਮ ਤੇ ਬੋਟ (Bots) ਸਾਨੂੰ ਭਰਮਾਉਂਦੇ ਹਨ, ਅਸੀਂ ਝੂਠ ਨੂੰ ਪਹਿਚਾਨਣ ਦੇ ਯੋਗ ਬਣ ਸਕਦੇ ਹਾਂ।
ਇਨ੍ਹਾਂ ਪ੍ਰਤੀ ਸੁਚੇਤ ਰਹਿੰਦੇ ਹੋਏ ਤੁਸੀਂ ਤਰਕਸ਼ੀਲ ਸੋਚ ਵਿਕਸਤ ਕਰ ਸਕਦੇ ਹੋ, ਜਿਸ ਨਾਲ ਤੁਸੀਂ ਵਧੇਰੇ ਜਾਗਰੂਕਤਾ ਅਤੇ ਸਮਝ ਨਾਲ ਸੋਸ਼ਲ ਮੀਡੀਆ ਦੇ ਸੈਲਾਬ ਵਿੱਚ ਤੈਰ ਸਕਦੇ ਹੋ। ਜਿਸ ਤਰ੍ਹਾਂ ਸੋਸ਼ਲ ਮੀਡੀਆ ਨੂੰ ਡਿਜ਼ਾਇਨ ਕੀਤਾ ਗਿਆ ਹੈ ਉਸ ਦਾ ਮੰਤਵ ਸਾਨੂੰ ਜਾਣਕਾਰੀ ਨਾਲ ਭਰਨਾ ਹੈ। ਸਿਰਫ਼ ਸੋਸ਼ਲ ਮੀਡੀਆ ਸੁਰਖੀਆਂ ਨੂੰ ਪੜ੍ਹਨਾ ਅਤੇ ਖ਼ਬਰਾਂ ਦੀਆਂ ਸੁਰਖੀਆਂ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ, ਪਰ ਜੇਕਰ ਅਸੀਂ ਸੂਚਿਤ ਤੇ ਸੁਚੇਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਕੰਮ ਕਰਨਾ ਪਵੇਗਾ ਅਤੇ ਖ਼ਬਰਾਂ ਦੇ ਇੱਕ ਸਰਗਰਮ ਖਪਤਕਾਰ ਬਣਨਾ ਪਵੇਗਾ। ਜਦੋਂ ਅਸੀਂ ਖ਼ਬਰਾਂ ਨੂੰ ਆਲੋਚਨਾਤਮਕ ਤੌਰ ’ਤੇ ਦੇਖਣ-ਪਰਖਣ ਦੀ ਤਕਨੀਕ ਜਾਣ ਜਾਂਦੇ ਹਾਂ ਤਾਂ ਸਾਡੀ ਝੂਠੀਆਂ ਖ਼ਬਰਾਂ ਤੇ ਔਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।
ਈਮੇਲ: amanysingh@gmail.com