ਕੋਲਕਾਤਾ, 11 ਸਤੰਬਰ
Kolkata Cese: ਬੀਤੇ ਦਿਨੀਂ ਕਥਿਤ ਤੌਰ ’ਤੇ ਡਾਕਟਰ ਨਾਲ ਵਾਪਰੀ ਜਬਰ ਜਨਾਹ ਅਤੇ ਹੱਤਿਆ ਦੀ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰਾਂ ਨੇ ਬੁੱਧਵਾਰ ਨੂੰ 33ਵੇਂ ਦਿਨ ਆਪਣਾ ਕੰਮ ਬੰਦ ਕਰਕੇ ਇਨਸਾਫ਼ ਦੀ ਮੰਗ ਲਈ ਧਰਨਾ ਜਾਰੀ ਰੱਖਿਆ। ਜੂਨੀਅਰ ਡਾਕਟਰ ਕੋਲਕਾਤਾ ਪੁਲੀਸ ਕਮਿਸ਼ਨਰ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਸਵਾਸਥ ਭਵਨ ਦੇ ਬਾਹਰ ਧਰਨੇ ’ਤੇ ਬੈਠੇ ਹਨ।
ਸਿਖਰਲੀ ਅਦਾਲਤ ਨੇ ਸੋਮਵਾਰ ਨੂੰ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ਮੁੜ ਸ਼ੁਰੂ ਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਸੀ ਕਿ ਕੰਮ ਮੁੜ ਸ਼ੁਰੂ ਕਰਨ ’ਤੇ ਉਨ੍ਹਾਂ ਵਿਰੁੱਧ ਕੋਈ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਸਬੰਧੀ ਪੱਛਮੀ ਬੰਗਾਲ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕੰਮ ਮੁੜ ਸ਼ੁਰੂ ਕਰਨ ’ਤੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਵਿਰੁੱਧ ਸਜ਼ਾਤਮਕ ਤਬਾਦਲਿਆਂ ਸਮੇਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਕਿਹਾ ਕਿ ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਘਟਨਾ ਨੂੰ ਲੈ ਕੇ ਅੜਿੱਕਾ ਸੁਲਝਾਉਣ ਲਈ ਸੂਬਾ ਸਕੱਤਰੇਤ ‘ਨਬੰਨਾ’ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਗਿਆ।
ਉੱਧਰ ਵਿਰੋਧ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਕਿ ਮੀਟਿੰਗ ਲਈ ਪ੍ਰਾਪਤ ਈ ਮੇਲ ਰਾਜ ਦੇ ਸਿਹਤ ਸਕੱਤਰ ਦਾ ਸੀ, ਜਿਸਦੇ ਉਹ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪ੍ਰਤੀਨਿਧੀਆਂ ਦੀ ਗਿਣਤੀ 10 ਤੱਕ ਸੀਮਤ ਕਰਨਾ ਅਪਮਾਨਜਨਕ ਸੀ।
ਜ਼ਿਕਰਯੋਗ ਹੈ ਕਿ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮਹਿਲਾ ਡਾਕਟਰ ਦੇ ਕਥਿਤ ਜਬਰ ਜਨਾਹ ਅਤੇ ਹੱਤਿਆ ਦੀ ਜਾਂਚ ਕਰ ਰਹੀ ਹੈ। -ਪੀਟੀਆਈ