ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਹੋਈ ਪਹਿਲੀ ਬਹਿਸ ਮੁੱਖ ਤੌਰ ’ਤੇ ਇਸ ਵਿਸ਼ੇ ’ਤੇ ਕੇਂਦਰਿਤ ਰਹੀ ਕਿ ਦੋਵਾਂ ’ਚੋਂ ਬਿਹਤਰ ਕੌਣ ਹੈ? ਇਹ ਠੀਕ ਹੈ ਕਿ ਹੈਰਿਸ ਨੇ ਚੰਗੀ ਕਾਰਕਰਦਗੀ ਦਿਖਾਈ ਹੈ ਪਰ ਟਰੰਪ ਵੀ ਜੂਨ ਮਹੀਨੇ ਜੋਅ ਬਾਇਡਨ ਨਾਲ ਹੋਈ ਬਹਿਸ ਤੋਂ ਹੀਣਾ ਸਾਬਿਤ ਨਹੀਂ ਹੋਇਆ। ਬਿਨਾਂ ਸ਼ੱਕ, ਬਾਇਡਨ ਨਾਲੋਂ ਹੈਰਿਸ ਕਿਤੇ ਬਿਹਤਰ ਸਾਬਿਤ ਹੋਈ ਹੈ ਅਤੇ ਉਸ ਨੇ ਟਰੰਪ ਨੂੰ ਠੋਕਵੇਂ ਜਵਾਬ ਦਿੱਤੇ ਹਨ ਜਿਵੇਂ ਕਿ ਉਸ ਦਾ ਕਹਿਣਾ ਸੀ ‘ਸਾਬਕਾ ਰਾਸ਼ਟਰਪਤੀ ਨੂੰ ਇਹ ਚੇਤੇ ਕਰਾਉਣਾ ਜ਼ਰੂਰੀ ਹੈ ਕਿ ਤੁਸੀਂ ਜੋਅ ਬਾਇਡਨ ਦੇ ਖ਼ਿਲਾਫ਼ ਚੋਣ ਨਹੀਂ ਲੜ ਰਹੇ ਸਗੋਂ ਮੇਰੇ ਖ਼ਿਲਾਫ਼ ਚੋਣ ਲੜ ਰਹੇ ਹੋ।’ ਟੈਲੀਵਿਜ਼ਨ ’ਤੇ ਸਿੱਧੀ ਪ੍ਰਸਾਰਿਤ ਹੋਣ ਵਾਲੀ ਇਸ ਬਹਿਸ ਦੀ ਸ਼ੁਰੂਆਤ ਹੱਥ ਮਿਲਾਉਣ ਨਾਲ ਹੋਈ ਪਰ ਦੁਪਾਸੀ ਸਤਿਕਾਰ ਦੀ ਮਾਮੂਲੀ ਜਿਹੀ ਉਮੀਦ ਛੇਤੀ ਹੀ ਗਾਇਬ ਹੋ ਗਈ। ਦੋਵਾਂ ਉਮੀਦਵਾਰਾਂ ਨੇ ਇੱਕ ਦੂਜੇ ’ਤੇ ਨਿੱਠ ਕੇ ਹਮਲੇ ਕਰਨ ’ਚ ਕੋਈ ਕਸਰ ਨਹੀਂ ਛੱਡੀ। ਹੈਰਿਸ ਲਈ ਦੋਹਰੀ ਚੁਣੌਤੀ ਇਹ ਹੈ ਕਿ ਇੱਕ ਪਾਸੇ ਪਿਛਲੀ ਬਹਿਸ ਵੇਲੇ ਬਾਇਡਨ ਦੀ ਮਾੜੀ ਕਾਰਗੁਜ਼ਾਰੀ ਦੀ ਯਾਦ ਨੂੰ ਮਿਟਾਇਆ ਜਾਵੇ ਅਤੇ ਨਾਲ ਹੀ ਅਮਰੀਕੀ ਵੋਟਰਾਂ ਸਾਹਮਣੇ ਖ਼ੁਦ ਨੂੰ ਬਿਹਤਰੀਨ ਬਦਲ ਵਜੋਂ ਪੇਸ਼ ਕੀਤਾ ਜਾਵੇ। ਪਹਿਲੇ ਪੱਖ ਤੋਂ ਉਹ ਕਾਫ਼ੀ ਹੱਦ ਤੱਕ ਸਫ਼ਲ ਹੋ ਸਕੀ ਹੈ। ਆਨਲਾਈਨ ਭਵਿੱਖਬਾਣੀ ਏਜੰਸੀ ਪ੍ਰੀਡਿਕਟਇਟ ਮੁਤਾਬਿਕ ਹੈਰਿਸ ਅਤੇ ਟਰੰਪ ਵਿਚਕਾਰ ਪਾੜਾ ਵਧ ਰਿਹਾ ਹੈ ਪਰ ਹਾਲੇ ਵੀ ਮੁਕਾਬਲਾ ਕਾਫ਼ੀ ਕਰੀਬੀ ਬਣਿਆ ਹੋਇਆ ਹੈ।
ਉਮੀਦਵਾਰਾਂ ਨੇ ਇੱਕ-ਦੂਜੇ ਨੂੰ ਇਜ਼ਰਾਈਲ-ਹਮਾਸ ਜੰਗ ਅਤੇ ਰੂਸ-ਯੂਕਰੇਨ ਟਕਰਾਅ ’ਤੇ ਵੀ ਨਿਸ਼ਾਨਾ ਬਣਾਇਆ ਪਰ ਕਿਸੇ ਨੇ ਵੀ ਦੋਵਾਂ ਯੁੱਧਾਂ ਨੂੰ ਖ਼ਤਮ ਕਰਨ ਦਾ ਕੋਈ ਠੋਸ ਖ਼ਾਕਾ ਪੇਸ਼ ਨਹੀਂ ਕੀਤਾ। ਉਨ੍ਹਾਂ ਗਰਭਪਾਤ ਸਬੰਧੀ ਪਾਬੰਦੀਆਂ ਉੱਤੇ ਵੀ ਸਿੰਗ ਫਸਾਏ, ਹਾਲਾਂਕਿ ਇੱਕ ਵਾਰ ਫੇਰ ਇਹ ਬਹੁਤਾ ਤਰਕਪੂਰਨ ਨਹੀਂ ਸੀ। ਬਹਿਸ ਕਰਾਉਣ ਵਾਲਿਆਂ ਨੂੰ ਵਾਰ-ਵਾਰ ਇਸ ਨੂੰ ਵਿਚਾਲੇ ਰੋਕ ਕੇ ਤੱਥ ਸਪੱਸ਼ਟ ਕਰਨੇ ਪਏ, ਇਸ ਤੋਂ ਝਲਕਦਾ ਹੈ ਕਿ ਦੋਵਾਂ ਉਮੀਦਵਾਰਾਂ ਨੇ ਇੱਧਰ-ਉੱਧਰ ਦੇ ਝੂਠ ਬੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਟਰੰਪ ਦਾ ‘ਤੁਰਪ ਦਾ ਪੱਤਾ’ ਉਸ ਦਾ ਇਹ ਸਵਾਲ ਸੀ: ਕਿ ਬਾਇਡਨ ਦੀ ਡਿਪਟੀ ਹੈਰਿਸ ਜਿਹੜੇ ਵਾਅਦੇ ਹੁਣ ਕਰ ਰਹੀ ਹੈ, ਉਹ ਉਸ ਨੇ ਗੁਜ਼ਰੇ ਸਾਢੇ ਤਿੰਨ ਸਾਲਾਂ ਵਿੱਚ ਪੂਰੇ ਕਿਉਂ ਨਹੀਂ ਕੀਤੇ? ਟਰੰਪ ਦੇ ਇਸ ਜਾਇਜ਼ ਸਵਾਲ ਨੇ ਹੈਰਿਸ ਨੂੰ ਜ਼ਰੂਰ ਘੇਰਾ ਪਾਇਆ। ਫੇਰ ਵੀ ਉਹ ਟਰੰਪ ਨੂੰ ਭੜਕਾ ਕੇ ਉਸ ਤੋਂ ਇਹ ਬੇਤੁਕਾ ਬਿਆਨ ਦਿਵਾਉਣ ਵਿੱਚ ਕਾਮਯਾਬ ਰਹੀ ਕਿ ਆਵਾਸੀ ਲੋਕ ਅਮਰੀਕੀਆਂ ਦੇ ਕੁੱਤੇ-ਬਿੱਲੀਆਂ ਨੂੰ ਖਾ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਇਹ ਲੜਾਈ ਹੁਣ ਇਸ ਤੋਂ ਅੱਗੇ ਸਿਰਫ਼ ਤੇ ਸਿਰਫ਼ ਤਿੱਖੀ ਤੇ ਕੌੜੀ ਹੀ ਹੁੰਦੀ ਜਾਵੇਗੀ।