ਸੁਰਜੀਤ ਮਜਾਰੀ
ਬੰਗਾ, 11 ਸਤੰਬਰ
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਵਸ ਮੌਕੇ ‘ਪਾਸ਼ ਦੀ ਵਾਰਤਕ ਅਤੇ ਇਸ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ। ਨਾਮਵਰ ਚਿੰਤਕ ਡਾ. ਪਰਮਿੰਦਰ ਨੇ ਕਿਹਾ ਕਿ ‘ਪਾਸ਼ ਦੀ ਕਵਿਤਾ ਵਾਂਗ ਹੀ ਉਸਦੀ ਵਾਰਤਕ ਵੀ ਸਾਡੇ ਦੇਸ਼ ਨੂੰ ਦਰਪੇਸ਼ ਮਸਲਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਲਈ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ ਜਿੰਨ੍ਹੀ ਇਹ ਲਿਖੇ ਜਾਣ ਸਮੇਂ ਸੀ। ਉਹਨਾਂ ਕਿਹਾ ਕਿ ਪਾਸ਼ ਨੇ ਪੰਜਾਬ ਦੇ ਮੂਲ ਲੋਕ ਵਿਰੋਧੀ ਰਾਜਨੀਤਕ ਮੁਫ਼ਾਦਾਂ ਵਾਸਤੇ ਵਰਤ ਰਹੀਆਂ ਲੋਕ ਦੁਸ਼ਮਣ ਤਾਕਤਾਂ ਵਿਰੁੱਧ ਅਵਾਮ ਨੂੰ ਜਾਗਰੂਕ ਕਰਨ ਲਈ ਕਲਮ ਨੂੰ ਹਥਿਆਰ ਬਣਾਇਆ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰਿੰਸੀਪਲ ਤਰਸੇਮ ਸਿੰਘ , ਜਸਵੰਤ ਜ਼ਫ਼ਰ, ਹਰਸ਼ਰਨ ਗਿੱਲ ਧੀਦੋ ਅਤੇ ਡਾ. ਅਰੀਤ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਬਾਬਾ ਨਾਨਕ, ਉਨ੍ਹਾਂ ਤੋਂ ਪਹਿਲੇ ਤੇ ਸਮਕਾਲੀ ਚਿੰਤਕਾਂ ਦਾ ਮੁਹਾਵਰਾ ਬੇਸ਼ੱਕ ਧਾਰਮਿਕ ਸੀ ਪਰ ਉਨ੍ਹਾਂ ਦਾ ਸਰੋਕਾਰ ਸਮਾਜਿਕ ਸੀ। ਉਨ੍ਹਾਂ ਨੇ ਆਲੇ-ਦੁਆਲੇ ਦੇ ਉਸਾਰੂ ਵਿਚ ਸੰਵਾਦ ਰਚਾਇਆ ਅਤੇ ਇਸ ਖਿੱਤੇ ਅੰਦਰਲੇ ਸਭਿਆਚਾਰਕ ਸੰਗਮ ਨੂੰ ਬੁਲੰਦ ਕਰਦਿਆਂ ਲੋਕ ਦੁਸ਼ਮਣ ਤਾਕਤਾਂ ਦੀ ਪਛਾਣ ਕੀਤੀ, ਦੱਬੇ-ਕੁਚਲੇ ਲੋਕਾਂ ਨੂੰ ਏਕਤਾ ’ਚ ਪਰੋਣ ਲਈ ਬਾਣੀ ਦੀ ਰਚਨਾ ਕੀਤੀ ਤੇ ਸੱਤਾ ਦੇ ਜ਼ੁਲਮਾਂ ਵਿਰੁੱਧ ਉੱਠਣ ਦਾ ਹੋਕਾ ਦਿੱਤਾ। ਦੂਜੇ ਸੈਸ਼ਨ ਵਿਚ ਕਵੀ ਦਰਬਾਰ ਦੀ ਪ੍ਰਧਾਨਗੀ ਜਸਵੰਤ ਜ਼ਫ਼ਰ, ਪ੍ਰੋਫੈਸਰ ਸੁਰਜੀਤ ਜੱਜ, ਦਰਸ਼ਨ ਖਟਕੜ, ਉਪਕਾਰ ਸਿੰਘ (ਭਰਾਤਾ ਲੋਕ ਕਵੀ ਸੁਰਜੀਤ ਪਾਤਰ) ਗਜ਼ਲਗੋ ਗੁਰਦਿਆਲ ਰੌਸ਼ਨ, ਹਰਮੀਤ ਵਿਦਿਆਰਥੀ, ਇਕਬਾਲ ਕੌਰ ਉਦਾਸੀ ਨੇ ਕੀਤੀ। ਇਸ ਮੌਕੇ ਹਰਵਿੰਦਰ ਭੰਡਾਲ, ਇਕਬਾਲ ਕੌਰ ਉਦਾਸੀ, ਦੀਪ ਕਲੇਰ, ਸ਼ਬਦੀਸ਼, ਮਨਪ੍ਰੀਤ ਜਸ, ਗੁਰਦਿਆਲ ਰੌਸ਼ਨ, ਦਰਸ਼ਨ ਖਟਕੜ, ਕੁਲਵੰਤ ਕੌਰ ਨਗਰ, ਉਪਕਾਰ ਸਿੰਘ, ਜਸਵੰਤ ਖਟਕੜ, ਹਰਸ਼ਰਨ ਗਿੱਲ ਧੀਦੋ, ਹਰਮੀਤ ਵਿਦਿਆਰਥੀ, ਸੁਨੀਲ ਚੰਦਿਆਣਵੀ, ਪ੍ਰੋ. ਸੁਰਜੀਤ ਜੱਜ, ਪਰਮਜੀਤ ਦੇਹਲ, ਕੁਲਵਿੰਦਰ ਕੁੱਲਾ, ਤਲਵਿੰਦਰ ਸ਼ੇਰਗਿੱਲ, ਜਸਵੰਤ ਜ਼ਫ਼ਰ, ਸ਼ਮਸ਼ੇਰ ਮੋਹੀ, ਮਨਜਿੰਦਰ ਕਮਲ, ਸਤਪਾਲ ਚਹਿਲ, ਜੀਵਨ, ਸ਼ਿੰਗਾਰਾ ਲੰਗੇਰੀ, ਅਨੀ ਕਾਠਗੜ੍ਹ, ਨਕਾਸ਼ ਚਿੱਤੇਵਨੀ ਅਤੇ ਸੁਖਮਨਵੀਰ ਸਿੰਘ ਨੇ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਪ੍ਰਤੀਨਿਧ ਮੈਂਬਰਾਨ ਅਮੋਲਕ ਸਿੰਘ ਅਤੇ ਜਗੀਰ ਜੋਸਣ ਨੇ ਕੀਤਾ।