ਸੁਖਦੇਵ ਸਿੰਘ
ਅਜਨਾਲਾ, 12 ਸਤੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 25 ਸਤੰਬਰ ਨੂੰ ਕੀਤੇ ਜਾ ਰਹੇ ਪ੍ਰਦਰਸ਼ਨਾਂ ਲਈ ਲਾਮਬੰਦ ਅਤੇ ਜਾਗਰੂਕ ਕਰਨ ਲਈ ਅੱਜ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਵਿੱਚ ਜਥਾ ਮਾਰਚ ਕੀਤਾ ਗਿਆ।
ਇਹ ਮਾਰਚ ਪਿੰਡ ਭੋਏਵਾਲੀ ਤੋਂ ਸ਼ੁਰੂ ਹੋ ਕੇ ਤੇੜੀ, ਪੰਜਗਰਾਈਆ, ਰੋਖੇ, ਮੱਟੀਆਂ ਤੋਂ ਹੁੰਦਾ ਹੋਇਆ ਪਿੰਡ ਉਗਰ ਔਲਖ ਵਿੱਚ ਸਮਾਪਤ ਹੋਇਆ। ਕਿਸਾਨਾਂ ਨੇ ਬਾਸਮਤੀ ਦਾ ਸਰਕਾਰੀ ਭਾਅ ਤੈਅ ਕਰਨ, ਸਰਕਾਰੀ ਭਾਅ ਉਪਰ ਖਰੀਦ ਦੀ ਗਾਰੰਟੀ, ਅਟਾਰੀ ਵਾਹਗਾ ਅਤੇ ਹੁਸੈਨੀਵਾਲਾ ਸਰਹੱਦ ਰਾਹੀਂ ਬਾਸਮਤੀ ਸਣੇ ਸਮੁੱਚਾ ਵਪਾਰ ਖੋਲ੍ਹਣ ਦੀ ਮੰਗ ਕੀਤੀ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਬਾਸਮਤੀ ਦਾ ਕੋਈ ਪੱਕਾ ਰੇਟ ਨਾ ਹੋਣ ਕਾਰਨ ਪਿਛਲੇ ਸਾਲ 3500-3600 ਨੂੰ ਵਿਕਣ ਵਾਲੀ ਬਾਸਮਤੀ ਦੀ 1509 ਅਤੇ 1692 ਕਿਸਮ ਇਸ ਸਾਲ 2400-2500 ਨੂੰ ਵਿਕ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਲਗਭਗ 20 ਤੋਂ 25 ਹਜ਼ਾਰ ਰੁਪਏ ਦਾ ਘਾਟਾ ਪੈ ਰਿਹਾ ਹੈ। ਦੂਜਾ ਕੇਂਦਰ ਸਰਕਾਰ ਵੱਲੋਂ ਲਗਾਈ 950 ਡਾਲਰ ਪ੍ਰਤੀ ਟਨ ਦੀ ਘੱਟੋ-ਘੱਟ ਨਿਰਯਾਤ ਕੀਮਤ ਦੀ ਸ਼ਰਤ ਵੀ ਹਟਾਈ ਜਾਵੇ ਕਿਉਂਕਿ ਕੌਮਾਂਤਰੀ ਮਾਰਕੀਟ ਵਿੱਚ ਬਾਸਮਤੀ ਦੇ ਚੌਲ ਦਾ ਰੇਟ 750 ਤੋਂ 800 ਡਾਲਰ ਪ੍ਰਤੀ ਟਨ ਚੱਲ ਰਿਹਾ ਹੈ। ਇਸ ਮੌਕੇ ਮਹਿਲ ਬੁਖਾਰੀ ਦੇ ਪ੍ਰਧਾਨ ਬਲਵਿੰਦਰ ਸਿੰਘ, ਗੁਰਸ਼ਰਨ ਸਿੰਘ, ਮੇਜਰ ਸਿੰਘ, ਧਰਮਬੀਰ ਉਗਰ ਔਲਖ ਅਤੇ ਜਸਪਾਲ ਸਿੰਘ ਹਾਜ਼ਰ ਸਨ।