ਨਵੀਂ ਦਿੱਲੀ:
ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਇਕ ਦਿਨ ਬਾਅਦ ਅੱਜ ਤਿਹਾੜ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇੰਜਨੀਅਰ ਰਾਸ਼ਿਦ ਨੂੰ ਦਹਿਸ਼ਤੀ ਫੰਡਿੰਗ ਕੇਸ ਵਿਚ 2 ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ ਤਾਂ ਉਹ ਅਗਾਮੀ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰ ਸਕਣ। ਕੌਮੀ ਜਾਂਚ ਏਜੰਸੀ ਨੇ ਰਾਸ਼ਿਦ ਨੂੰ 2017 ਟੈਰਰ ਫੰਡਿੰਗ ਕੇਸ ਵਿਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ ਤੇ ਰਾਸ਼ਿਦ 2019 ਤੋਂ ਜੇਲ੍ਹ ਵਿਚ ਬੰਦ ਹੈ। ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ,‘ਰਾਸ਼ਿਦ ਨੂੰ ਅੱਜ ਸ਼ਾਮੀਂ ਸਵਾ ਚਾਰ ਵਜੇ ਦੇ ਕਰੀਬ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ।’ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਿਦ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਕਸ਼ਮੀਰ ਦੇ ਬਿਰਤਾਂਤ ਲਈ ਲੜਨਗੇ। ਰਾਸ਼ਿਦ ਦੇ ਪੁੱਤਰਾਂ ਤੇ ਹਮਾਇਤੀਆਂ ਨੇ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਿਦ ਨੇ ਕਿਹਾ, ‘‘ਮੈਂ ਪਿਛਲੇ ਸਾਢੇ ਪੰਜ ਸਾਲਾਂ ਤੋਂ ਜੇਲ੍ਹ ਵਿਚ ਸੀ। ਮੈਂ ਆਪਣੇ ਲੋਕਾਂ ਵਾਸਤੇ ਲੜਨ ਲਈ ਵਚਨਬੱਧ ਹਾਂ। ਮੈਂ ਲੋਕਾਂ ਨੂੰ ਤੋੜਨ ਲਈ ਨਹੀਂ ਬਲਕਿ ਉਨ੍ਹਾਂ ਨੂੰ ਜੋੜਨ ਲਈ ਵਾਪਸ ਆਇਆ ਹਾਂ। ਮੈਂ ਕਸ਼ਮੀਰ ਵਿਚ ਅਮਨ ਦੀ ਵਾਪਸੀ ਚਾਹੁੰਦਾ ਹਾਂ ਤੇ ਸਾਬਤ ਕਰਨਾ ਚਾਹੁੰਦਾ ਹਾਂ ਕਿ ਕਸ਼ਮੀਰੀ ਪੱਥਰਬਾਜ਼ ਨਹੀਂ ਹਨ। ਪਰ ਅਸੀਂ ਆਪਣੇ ਸਿਆਸੀ ਹੱਕਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਮੈਂ ਪ੍ਰਧਾਨ ਮੰਤਰੀ ਦੇ ਨਵੇਂ ਕਸ਼ਮੀਰ ਦੇ ਬਿਰਤਾਂਤ ਲਈ ਲੜਾਂਗਾ।’’ -ਪੀਟੀਆਈ