ਐੱਨਪੀ ਧਵਨ
ਪਠਾਨਕੋਟ, 11 ਸਤੰਬਰ
ਪੰਜਾਬ ਦੇ ਸਭ ਤੋਂ ਅਖੀਰਲੇ ਨੀਮ ਪਹਾੜੀ ਪਿੰਡ ਲਹਿਰੂਨ ਦੇ ਇੱਕ ਨੌਜਵਾਨ ਹਨੀਸ਼ ਕੁਮਾਰ ਦੇ ਲੈਫਟੀਨੈਂਟ ਬਣਨ ਨਾਲ ਪੂਰੇ ਖੇਤਰ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਨੀਸ਼ ਕੁਮਾਰ ਨੇ ਦੱਸਿਆ ਕਿ ਉਹ 7 ਸਤੰਬਰ ਨੂੰ ਆਫੀਸਰ ਟ੍ਰੇਨਿੰਗ ਅਕੈਡਮੀ ਚੇਨਈ ਤੋਂ ਕਮਿਸ਼ਨ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਕੈਪਟਨ ਦੇਵਰਾਜ ਨੇ 30 ਸਾਲਾਂ ਤੱਕ ਡੋਗਰਾ ਰੈਜੀਮੈਂਟ ਵਿੱਚ ਸੇਵਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮ ’ਤੇ ਚਲਦੇ ਹੋਏ ਉਸ ਨੇ ਵੀ ਦੇਸ਼ ਦੀ ਸੇਵਾ ਕਰਨ ਦੀ ਠਾਣ ਲਈ। ਅਖੀਰੀ ਉਹ ਇਸ ਮੁਕਾਮ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਆਰਮੀ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਆਰਮੀ ਪਬਲਿਕ ਸਕੂਲ ਮਾਮੂਨ ਤੋਂ ਪੜ੍ਹਾਈ ਕੀਤੀ ਹੈ। ਫਿਰ ਉਸ ਨੇ ਜਲੰਧਰ ਤੋਂ ਬੀਟੈਕ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਕੀਤੀ ਹੈ। ਆਪਣੇ ਪੁੱਤਰ ਦੀ ਇਸ ਉਪਲਬਧੀ ਤੋਂ ਖੁਸ਼ ਲੈਫਟੀਨੈਂਟ ਹਨੀਸ਼ ਕੁਮਾਰ ਦੇ ਪਿਤਾ ਕੈਪਟਨ ਦੇਵਰਾਜ ਅਤੇ ਮਾਂ ਰੰਜੂ ਬਾਲਾ ਨੇ ਮਾਣ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਚੇਨਈ ਵਿੱਚ ਪੁੱਤਰ ਦੀ ਪਾਸਿੰਗ ਆਊਟ ਪਰੈਡ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਲਾਉਣ ਦੀ ਰਸਮ ਅਦਾ ਕੀਤੀ ਤਾਂ ਮਾਣ ਵਾਲੇ ਉਹ ਪਲ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਸਨ।