ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 11 ਸਤੰਬਰ
ਸਿੱਖ ਕੌਮ ਦੇ ਮਹਾਨ ਸ਼ਹੀਦ ਨਿਹੰਗ ਸਿੰਘ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਦੀ ਸਲਾਨਾ ਬਰਸੀ ਸਮਾਗਮ ਕਲ ਗੁਰਦੁਆਰਾ ਸਾਹਿਬ ਬੁੱਢਾ ਜੌਹੜ ਛਾਉਣੀ ਬੁੱਢਾ ਦਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਸਜੇ ਦੀਵਾਨ ਵਿੱਚ ਵੱਖ-ਵੱਖ ਧਾਰਮਿਕ ਆਗੂਆਂ, ਰਾਗੀਆਂ, ਢਾਡੀਆਂ, ਕਥਾਵਾਚਕਾਂ ਨੇ ਗੁਰਮਤਿ ਪ੍ਰਵਚਨ ਕੀਤੇ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਬੁੱਢਾ ਦਲ ਦਾ ਇਤਿਹਾਸ ਸ਼ਾਨਾਂਮੱਤਾ ਇਤਿਹਾਸ ਹੈ। ਉਨ੍ਹਾਂ ਬੁੱਢਾ ਦਲ ਦੇ ਤੇਰਾਂ ਜਥੇਦਾਰਾਂ ਦੇ ਜੀਵਨ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪੁਨਰ ਉਸਾਰੀ ਵਿੱਚ ਬੁੱਢਾ ਦਲ ਦੇ ਮੁਖੀ ਦੀ ਕਾਰ ਸੇਵਾ ਸਮੇਂ ਵਿਸ਼ੇਸ਼ ਭੂਮਿਕਾ ਰਹੀ ਹੈ। ਬਾਕੀ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਉਸਾਰੀ ਵਿੱਚ ਵੱਡਾ ਯੋਗਦਾਨ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਅਕਾਲੀ ਬਾਬਾ ਫੂਲਾ ਸਿੰਘ ਦੇ ਰਾਹੀਂ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਬੁੱਢਾ ਦਲ ਦੇ 500 ਤੋਂ ਵੱਧ ਧਾਰਮਿਕ ਅਸਥਾਨ ਹਨ, ਜਿਨ੍ਹਾਂ ਦੀਆਂ ਕਾਰ ਸੇਵਾਵਾਂ ਦਾ ਕਾਰਜ ਚਲਦਾ ਰਹਿੰਦਾ ਹੈ। ਰਾਜਸਥਾਨ ਵਿੱਚ ਵੀ ਵੱਖ-ਵੱਖ ਥਾਈਂ ਅਸਥਾਨ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਹੋਏ ਵਿਸ਼ੇਸ਼ ਸ਼ਸਤਰ, ਸ਼ਾਸਤਰ, ਨਿਸ਼ਾਨ ਤੇ ਗ੍ਰੰਥ ਬੁੱਢਾ ਦਲ ਕੋਲ ਹਨ, ਜਿਨ੍ਹਾਂ ਅਨੁਸਾਰ ਬੁੱਢਾ ਦਲ ਵਹੀਰ ਚਲਦਾ ਹੈ। ਸ੍ਰੀ ਹਰਿਮੰਦਰ ਸਾਹਿਬ ਮੱਸੇ ਰੰਗੜ ਨੇ ਜਿਹੜਾ ਗੁਨਾਹ ਕੀਤਾ ਸੀ, ਉਸ ਦੀ ਖਬਰ ਬੁੱਢਾ ਦਲ ਦੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਪੁੱਜੀ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੰਘਾਂ ਨੇ ਗੁਰਮਤਾ ਕਰਕੇ ਬੁੱਢਾ ਜੌਹੜ ਰਾਜਸਥਾਨ ਤੋਂ ਅੰਮ੍ਰਿਤਸਰ ਸਾਹਿਬ ਲਈ ਨਿਹੰਗ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਅਤੇ ਨਿਹੰਗ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਨੂੰ ਭੇਜਿਆ ਸੀ ਅਤੇ ਉਨ੍ਹਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਨੇਜ਼ਿਆ ’ਤੇ ਟੰਗ ਕੇ ਆਪਣੇ ਬੋਲ ਪੁਗਾਏ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਨੂੰ ਬਾਬਾ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੇ ਧਰਮੀ ਬਣਨ ਦੀ ਲੋੜ ਹੈ। ਅੱਜ ਦੇ ਹਾਲਾਤ ਬਹੁਤ ਪੇਤਲੇ ਦੁਖਦਾਇਕ ਤੇ ਨਮੋਸ਼ੀ ਵਾਲੇ ਹਨ। ਉਨ੍ਹਾਂ ਕਿਹਾ ਕਿ ਜਿਸ ਕੌਮ ਦਾ ਸ਼ਾਨਾਮੱਤਾ ਇਤਿਹਾਸ ਹੋਵੇ, ਦੁਨੀਆਂ ਨੂੰ ਅਗਵਾਈ ਬਖਸ਼ਿਸ਼ ਕਰਨ ਵਾਲਾ ਉਸ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ, ਧਾਰਮਿਕ ਕੇਂਦਰੀ ਅਸਥਾਨ ਹੋਣ, ਉਸ ਦੀ ਜੁਆਨੀ ਗੁੰਮਰਾਹ ਹੋਈ ਨਸ਼ਿਆਂ ਵਿਚ ਗੁਲਤਾਨ ਹੋ ਜਾਵੇ, ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਸ਼ਹੀਦਾਂ ਦੇ ਜੀਵਨ ਤੋਂ ਸਬਕ ਸਿੱਖਣ ਤੇ ਉਸ ’ਤੇ ਚੱਲਣ ਦੀ ਲੋੜ ਹੈ।