* ਰਾਜਪਾਲ ਗੁਹਾਟੀ ਪੁੱਜੇ; ਮਨੀਪੁਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ
* ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ
ਇੰਫਾਲ, 11 ਸਤੰਬਰ
ਸੁਰੱਖਿਆ ਬਲਾਂ ਅਤੇ ਵਿਦਿਆਰਥੀਆਂ ਵਿਚਕਾਰ ਝੜਪਾਂ ਤੋਂ ਇਕ ਦਿਨ ਬਾਅਦ ਵੀ ਮਨੀਪੁਰ ’ਚ ਹਾਲਾਤ ਤਣਾਅਪੂਰਨ ਪਰ ਕਾਬੂ ਹੇਠ ਹਨ। ਸੂਬੇ ਦੀ ਰਾਜਧਾਨੀ ਇੰਫਾਲ ’ਚ ਮੰਗਲਵਾਰ ਦੁਪਹਿਰ ਬਾਅਦ ਤੋਂ ਲਾਗੂ ਕਰਫਿਊ ਅੱਜ ਵੀ ਜਾਰੀ ਰਿਹਾ। ਸੂਬੇ ਦੇ ਪੰਜ ਜ਼ਿਲ੍ਹਿਆਂ ’ਚ ਇੰਟਰਨੈੰੱਟ ਸੇਵਾਵਾਂ ਬੰਦ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਪੁਲੀਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਉਧਰ ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰਿਆ ਅੱਜ ਗੁਹਾਟੀ ਲਈ ਰਵਾਨਾ ਹੋ ਗਏ। ਉਨ੍ਹਾਂ ਨੂੰ ਮਨੀਪੁਰ ਦੇ ਰਾਜਪਾਲ ਵਜੋਂ ਵਾਧੂ ਚਾਰਜ ਸੌਂਪਿਆ ਗਿਆ ਹੈ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੁੱਦੇ ਹੱਲ ਕਰਨ ਦਾ ਭਰੋਸਾ ਦਿੱਤਾ। ਮਨੀਪੁਰ ਯੂਨੀਵਰਸਿਟੀ ਨੇ ਸਾਰੀਆਂ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਲਈ ਮੁਲਤਵੀ ਕਰ ਦਿੱਤੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਇੰਫਾਲ ਕਾਲਜ ਅਤੇ ਇਬੋਤੋਨਸਾਨਾ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਹੈ ਕਿ ਸਰਕਾਰ ਸੂਬੇ ਦੇ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ। -ਪੀਟੀਆਈ
ਮਨੀਪੁਰ ਦੇ ਹਾਲਾਤ ਸਿੱਝਣ ’ਚ ਨਾਕਾਮ ਰਹਿਣ ਕਰਕੇ ਸ਼ਾਹ ਨੂੰ ਹਟਾਇਆ ਜਾਵੇ: ਕਾਂਗਰਸ
ਨਵੀਂ ਦਿੱਲੀ:
ਮਨੀਪੁਰ ’ਚ ਵਾਪਰੇ ਘਟਨਾਕ੍ਰਮ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਹਿੰਸਾ ਰੋਕਣ ’ਚ ਨਾਕਾਮ ਰਹਿਣ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਨਾ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੇ ਮੁਲਕ ਨਾਲੋਂ ਦੁਨੀਆ ਦੇ ਹੋਰ ਹਿੱਸਿਆਂ ’ਚ ਸੰਕਟ ਅਤੇ ਜੰਗਾਂ ਬਾਰੇ ਵਧੇਰੇ ਚਿੰਤਤ ਹਨ। ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ, ਮਨੀਪੁਰ ਪ੍ਰਦੇਸ਼ ਪ੍ਰਧਾਨ ਕੇ. ਮੇਘਚੰਦਰ, ਇੰਨਰ ਮਨੀਪੁਰ ਤੋਂ ਸੰਸਦ ਮੈਂਬਰ ਏ. ਬਿਮਲ ਅਕੋਈਜਾਮ ਅਤੇ ਮਨੀਪੁਰ ਮਾਮਲਿਆਂ ਦੇ ਇੰਚਾਰਜ ਗਿਰੀਸ਼ ਸ਼ੋਡਨਕਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਇਕ ਸੂਬਾ ਪਿਛਲੇ 16 ਮਹੀਨਿਆਂ ਤੋਂ ਸੜ ਰਿਹਾ ਹੈ ਪਰ ਪ੍ਰਧਾਨ ਮੰਤਰੀ ਕੋਲ ਮਨੀਪੁਰ ਜਾਣ ਲਈ ਇਕ ਵੀ ਮਿੰਟ ਦਾ ਸਮਾਂ ਨਹੀਂ ਹੈ। -ਪੀਟੀਆਈ