ਜੰਮੂ, 11 ਸਤੰਬਰ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ’ਚ ਚੱਲ ਰਹੀ ਕਾਰਵਾਈ ਦੌਰਾਨ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦ ਮਾਰੇ ਗਏ। ਛੇ ਮਹੀਨਿਆਂ ਦੌਰਾਨ ਸੰਘਣੇ ਜੰਗਲਾਂ ’ਚ ਦਹਿਸ਼ਤਗਰਦਾਂ ਖ਼ਿਲਾਫ਼ ਇਹ ਪਹਿਲਾ ਸਫ਼ਲ ਅਪਰੇਸ਼ਨ ਰਿਹਾ, ਜਿਥੇ ਪਿਛਲੇ ਛੇ ਮਹੀਨਿਆਂ ’ਚ ਅੱਧਾ ਕੁ ਦਰਜਨ ਮੁਕਾਬਲੇ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ’ਚ ਇਕ ਪਿੰਡ ਸੁਰੱਖਿਆ ਕਰਮੀ ਅਤੇ ਸੀਆਰਪੀਐੱਫ ਇੰਸਪੈਕਟਰ ਸ਼ਹੀਦ ਹੋ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਕ ਹੋਰ ਦਹਿਸ਼ਤਗਰਦ ਨੂੰ ਖੰਡਾਰਾ ਚੋਟੀ ਦੇ ਇਲਾਕੇ ’ਚ ਘੇਰਾ ਪਾ ਲਿਆ ਗਿਆ ਹੈ ਅਤੇ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਫੌਜ ਦੀ ਪਹਿਲੀ ਪੈਰਾ ਯੂਨਿਟ ਅਤੇ ਪੁਲੀਸ ਨੇ ਸਾਂਝੇ ਤੌਰ ’ਤੇ ਇਹ ਅਪਰੇਸ਼ਨ ਚਲਾਇਆ ਸੀ ਅਤੇ ਦਹਿਸ਼ਤਗਰਦਾਂ ਨਾਲ ਪਹਿਲਾ ਟਾਕਰਾ ਬਾਅਦ ਦੁਪਹਿਰ 12.50 ਵਜੇ ਹੋਇਆ ਸੀ। ਫੌਜ ਨੇ ‘ਐਕਸ’ ’ਤੇ ਪੋਸਟ ਪਾ ਕੇ ਕਿਹਾ ਕਿ ਰਾਇਜ਼ਿੰਗ ਸਟਾਰ ਕੋਰ ਦੇ ਜਵਾਨਾਂ ਵੱਲੋਂ ਖੰਡਾਰਾ ’ਚ ਅਪਰੇਸ਼ਨ ਦੌਰਾਨ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। -ਪੀਟੀਆਈ