ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਸਤੰਬਰ
ਪੈਰਿਸ ਵਿੱਚ ਪੈਰਾ-ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪਰਤੇ ਤੀਰ-ਅੰਦਾਜ਼ ਹਰਵਿੰਦਰ ਸਿੰਘ ਤੇ ਸੈਮੀਫਾਈਨਲ ਤੱਕ ਜਾਣ ਵਾਲੀ ਤੀਰ-ਅੰਦਾਜ਼ ਪੂਜਾ ਦਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਪੁੱਜਣ ਮੌਕੇ ਮੇਨ ਗੇਟ ’ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਦੋਹਾਂ ਨੂੰ ਇੱਕ ਓਪਨ ਗੱਡੀ ਰਾਹੀਂ ਕਾਫ਼ਲੇ ਦੇ ਰੂਪ ਵਿੱਚ ਸਾਇੰਸ ਆਡੀਟੋਰੀਅਮ ਤੱਕ ਲਿਜਾਇਆ ਗਿਆ। ਢੋਲ ਦੇ ਡੱਗੇ ਉੱਤੇ ਨੱਚਦੇ ਇਸ ਕਾਫ਼ਲੇ ਵਿੱਚ ਸ਼ਾਮਲ ਵਿਦਿਆਰਥੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੇਕੇ ਯਾਦਵ ਵੱਲੋਂ ਸਾਇੰਸ ਆਡੀਟੋਰੀਅਮ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਫ਼ੋਨ ਕਾਲ ਰਾਹੀਂ ਦੋਹਾਂ ਖਿਡਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਮੌਕੇ ਦੋਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪੈਰਾ ਓਲੰਪਿਕ ਖੇਡਾਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਵੀ ਚਾਨਣਾ ਪਾਇਆ। ਤੀਰ-ਅੰਦਾਜ਼ ਹਰਵਿੰਦਰ ਸਿੰਘ ਨੇ ਆਪਣੇ ਦਿਲ ਦੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪਹੁੰਚ ਕੇ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਉਸ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਦਾ ਮੌਕਾ ਅਤੇ ਪਲੇਟਫ਼ਾਰਮ ਦਿੱਤਾ ਹੈ। ਐੱਨਆਈਐੱਸ ਪਟਿਆਲਾ ਤੋਂ ਕਾਰਜਕਾਰੀ ਡਾਇਰੈਕਟਰ ਵਿਨੀਤ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ 1993 ਦੇ ਦੌਰ ਵਿੱਚ ਉਸ ਨੇ ਜੋ ਆਪਣੇ ਵਿਦਿਆਰਥੀ ਤੀਰ-ਅੰਦਾਜ਼ ਪੈਦਾ ਕੀਤੇ ਸਨ। ਸਵਾਗਤੀ ਭਾਸ਼ਣ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਡਾ. ਅਜੀਤਾ ਨੇ ਦੋਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ। ਕੋਚ ਜੀਵਨਜੋਤ ਸਿੰਘ ਤੇਜਾ ਨੇ ਹਰਵਿੰਦਰ ਸਿੰਘ ਅਤੇ ਪੂਜਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਅਜਿਹੇ ਵਿਦਿਆਰਥੀ ਖਿਡਾਰੀ ਹਰੇਕ ਕੋਚ ਦੇ ਨਸੀਬ ਵਿੱਚ ਨਹੀਂ ਹੁੰਦੇ। ਅਜਿਹੇ ਵਿਦਿਆਰਥੀਆਂ ਤੇ ਉਹਨਾਂ ਨੂੰ ਮਾਣ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿੱਚ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। 33 ਸਾਲਾ ਖਿਡਾਰੀ ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ। ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਅਤੇ ਪੂਜਾ ਬਹੁਤ ਹੀ ਪ੍ਰਤਿਭਾਵਾਨ ਅਤੇ ਮਿਹਨਤੀ ਖਿਡਾਰੀ ਹਨ। ਦੋਹਾਂ ਤੋਂ ਭਵਿੱਖ ਵਿੱਚ ਵੀ ਵੱਡੀਆਂ ਆਸਾਂ ਹਨ।