ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਇੱਥੇ ਵਿਦਿਆਰਥੀ ਭਵਨ ਵਿੱਚ ਹੋਈ, ਜਿਸ ਵਿੱਚ ਪਿਛਲੇ ਮਹੀਨੇ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਨਵੇਂ ਬਣੇ ਮੈਂਬਰਾਂ ਨੂੰ ਐਸੋਸੀਏਸ਼ਨ ਦੀ ਵਰਕਿੰਗ ਬਾਰੇ ਜਾਣਕਾਰੀ ਦਿੱਤੀ। ਜਨਰਲ ਸਕੱਤਰ ਆਸਾ ਸਿੰਘ ਨੇ ਪਿਛਲੇ ਮਹੀਨੇ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਜਸਵੰਤ ਜ਼ੀਰਖ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੋਰਚੇ ਦੇ ਮੈਂਬਰਾਂ ’ਤੇ ਦਰਜ ਕੇਸਾਂ ਦੀ ਨਿਖੇਧੀ ਕੀਤੀ ਗਈ। ਮੁੱਖ ਮੰਤਰੀ ਵੱਲੋਂ ਸਾਂਝੇ ਮੋਰਚੇ ਨੂੰ ਮੀਟਿੰਗਾਂ ਦੇ ਲਾਰੇ ਲਾ ਕੇ ਹਰ ਵਾਰ ਉਨ੍ਹਾਂ ਤੋਂ ਭੱਜ ਜਾਣ ਦੀ ਨੀਤੀ ਦਾ ਵੀ ਸਖ਼ਤ ਨੋਟਿਸ ਲਿਆ ਗਿਆ। ਮੁਲਾਜ਼ਮਾਂ ’ਤੇ ਦਰਜ ਕੀਤੇ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਅਕਤੂਬਰ ਦੇ ਅਖੀਰਲੇ ਹਫ਼ਤੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਸਮੇਤ ਇਸ ਇਲਾਕੇ ਵਿੱਚ ਪੈਂਦੇ ਹੋਰ ਇਤਿਹਾਸਕ ਥਾਵਾਂ ਦੀ ਦੋ ਦਿਨਾਂ ਧਾਰਮਿਕ ਯਾਤਰਾ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਸਾਰੇ ਫ਼ੈਸਲਿਆਂ ਨੂੰ ਜਨਰਲ ਬਾਡੀ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ।
ਪਾਵਰਕੌਮ ਪੈਨਸ਼ਨਰਾਂ ਵੱਲੋਂ ਮੀਟਿੰਗ
ਸਮਰਾਲਾ: ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅਤੇ ਸਰਕਾਰ ਵਿਰੁੱਧ ਰੈਲੀ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿੱਚ ਹੋਈ। ਇਸ ਉਪਰੰਤ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ 25 ਸਤੰਬਰ ਨੂੰ ਸਟੇਟ ਬਾਡੀ ਦੇ ਸੱਦੇ ’ਤੇ ਸੂਬਾ ਪੱਧਰੀ ਧਰਨਾ ਹੈੱਡ ਆਫਿਸ ਪਟਿਆਲਾ ਵਿੱਚ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡੀਜ਼ਲ, ਪੈਟਰੋਲ, ਬੱਸ ਕਿਰਾਏ ਵਿੱਚ ਕੀਤੇ ਵਾਧੇ ਅਤੇ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਬੰਦ ਕਰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਵੇਂ ਪੇਅ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 31-12-2015 ਤੋਂ ਪਹਿਲਾਂ ਦੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦੀ ਸੁਧਾਈ ਕਰਨ, ਮੈਡੀਕਲ ਕੈਸ਼ਲੈੱਸ ਸਕੀਮ ਚਾਲੂ ਕਰਨ, ਪੇੱ ਸਕੇਲ ਦੇ ਬਕਾਏ ਦੇਣ, ਮੈਡੀਕਲ ਭੱਤਾ 2,000 ਰੁਪਏ ਕਰਨ ਤੇ ਬਿਜਲੀ ਵਰਤੋਂ ਵਿੱਚ ਰਿਆਇਤ ਦੇਣ ਸਬੰਧੀ ਚਾਨਣਾ ਪਾਇਆ। ਮੀਟਿੰਗ ਨੂੰ ਭਰਪੂਰ ਸਿੰਘ, ਪ੍ਰੇਮ ਸਿੰਘ, ਮੇਘ ਸਿੰਘ ਜਵੰਦਾ, ਰਜਿੰਦਰ ਪਾਲ ਵਡੇਰਾ ਇੰਜ. ਦਰਸ਼ਨ ਸਿੰਘ, ਜਗਤਾਰ ਸਿੰਘ, ਜਸਵੰਤ ਸਿੰਘ ਢੰਡਾ, ਦਰਸ਼ਨ ਸਿੰਘ ਕੋਟਾਲਾ ਤੇ ਭੁਪਿੰਦਰਪਾਲ ਸਿੰਘ ਚਹਿਲਾਂ ਨੇ ਵੀ ਸੰਬੋਧਨ ਕੀਤਾ। ਪ੍ਰੈੱਸ ਸਕੱਤਰ ਦੀ ਭੂਮਿਕਾ ਇੰਜ. ਜੁਗਲ ਕਿਸ਼ੋਰ ਸਾਹਨੀ ਵੱਲੋਂ ਨਿਭਾਈ ਗਈ। -ਪੱਤਰ ਪ੍ਰੇਰਕ