ਹਤਿੰਦਰ ਮਹਿਤਾ
ਜਲੰਧਰ 11 ਸਤੰਬਰ
ਹਾਕੀ ਪੰਜਾਬ ਵੱਲੋਂ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਕਰਵਾਈ ਜਾ ਰਹੀ 14ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ’ਚ ਅੱਜ ਹਰਿਆਣਾ, ਉੜੀਸਾ, ਦਾਦਰ ਨਗਰ ਹਵੇਲੀ, ਕਰਨਾਟਕ, ਦਿੱਲੀ ਤੇ ਤਾਮਿਲਨਾਡੂ ਨੇ ਆਪੋ-ਆਪਣੇ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ। ਚੈਂਪੀਅਨਸ਼ਿਪ ਦੌਰਾਨ ਅੱਜ ਪਹਿਲੇ ਮੈਚ ਵਿੱਚ ਹਰਿਆਣਾ ਨੇ ਜੰਮੂ ਕਸ਼ਮੀਰ ਨੂੰ 14-0 ਦੇ ਵੱਡੇ ਫਰਕ ਨਾਲ ਹਰਾਇਆ। ਹਰਿਆਣਾ ਟੀਮ ਵੱਲੋਂ ਨਿਤਿਨ ਨੇ ਤਿੰਨ ਗੋਲ ਅਤੇ ਅਮਿਤ ਖਾਸਾ, ਮਨੀਸ਼, ਰਵੀ ਤੇ ਨਵਰਾਜ ਨੇ ਦੋ-ਦੋ ਗੋਲ ਕੀਤੇ, ਜਦਕਿ ਪ੍ਰੀਕਸ਼ਤ ਪੰਚਾਲ, ਸੁਨੀਲ ਮਾਨ ਤੇ ਸਾਹਿਲ ਨੇ ਇਕ-ਇੱਕ ਗੋਲ ਕੀਤਾ। ਦੂਜੇ ਮੈਚ ਵਿੱਚ ਉੜੀਸਾ ਨੇ ਆਸਾਮ ਨੂੰ 13-0 ਨਾਲ ਹਰਾਇਆ। ਤੀਜੇ ਮੈਚ ’ਚ ਦਾਦਰ ਨਗਰ ਹਵੇਲੀ ਤੇ ਦਮਨ ਦਿਊ ਨੇ ਅਰੁਣਾਚਲ ਪ੍ਰਦੇਸ਼ ਨੂੰ 4-2 ਗੋਲਾਂ ਨਾਲ ਅਤੇ ਚੌਥੇ ਮੈਚ ਵਿੱਚ ਕਰਨਾਟਕ ਨੇ ਆਂਧਰਾ ਪ੍ਰਦੇਸ਼ ਨੂੰ 6-1 ਨਾਲ ਹਰਾਇਆ। ਪੰਜਵੇਂ ਮੈਚ ਵਿੱਚ ਦਿੱਲੀ ਨੇ ਕੇਰਲਾ ਨੂੰ ਸਖਤ ਮੁਕਾਬਲੇ ਮਗਰੋਂ 4-3 ਨਾਲ ਮਾਤ ਦਿੱਤੀ ਜਦਕਿ ਛੇਵੇਂ ਮੈਚ ਵਿੱਚ ਤਾਮਿਲਨਾਡੂ ਨੇ ਗੁਜਰਾਤ ’ਤੇ ਜਿੱਤ ਦਰਜ ਕੀਤੀ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਗੁਨਦੀਪ ਕੁਮਾਰ, ਕਪਿਲ ਕੋਹਲੀ (ਵਿਜੈਂਤੀ), ਕੌਮਾਂਤਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ ਆਦਿ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।