ਨਵੀਂ ਦਿੱਲੀ;
ਦ੍ਰਿਸ਼ਟੀਹੀਣ ਭਾਰਤੀ ਪੈਰਾਲੰਪਿਕ ਤਗ਼ਮਾ ਜੇਤੂ ਕਪਿਲ ਪਰਮਾਰ ਨੂੰ ਅੱਠ ਸਾਲ ਪਹਿਲਾਂ ਪੈਰਾ-ਜੂਡੋ ਸ਼ੁਰੂ ਕਰਨ ’ਤੇ ਆਪਣੇ ਹੀ ਪਿੰਡ ਵਾਲਿਆਂ ਤੋਂ ਤਾਅਨੇ ਸੁਣਨੇ ਪਏ ਪਰ ਇਤਿਹਾਸ ਰਚਣ ਵਾਲੇ ਪੈਰਾਲੰਪੀਅਨ ਦਾ ਇਸ ਨਾਲ ਜ਼ਿੰਦਗੀ ’ਚ ਕੁਝ ਖਾਸ ਕਰਨ ਦਾ ਜਜ਼ਬਾ ਹੋਰ ਮਜ਼ਬੂਤ ਹੋਇਆ। ਪਰਮਾਰ (24) ਜੂਡੋ ’ਚ ਭਾਰਤ ਦਾ ਪਹਿਲਾ ਪੈਰਾਲੰਪਿਕ ਤਗ਼ਮਾ ਜੇਤੂ ਬਣਿਆ ਸੀ ਜਦੋਂ ਉਸ ਨੇ 4 ਸਤੰਬਰ ਨੂੰ ਪੈਰਿਸ ਪੈਰਾਲੰਪਿਕ ’ਚ ਪੁਰਸ਼ਾਂ ਦੇ 60 ਕਿਲੋ (ਜੇ1) ਵਰਗ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰਮਾਰ ਨੇ ਕਿਹਾ, ‘ਜਦੋਂ ਮੈਂ 2017 ਵਿੱਚ ਪੈਰਾ ਜੂਡੋ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਮੇਰੇ ਪਿੰਡ ਦੇ ਕੁਝ ਲੋਕਾਂ ਨੇ ਮੈਨੂੰ ਤਾਅਨਾ ਮਾਰਿਆ ਕਿ ਮੈਂ ਦੇਖ ਨਹੀਂ ਸਕਦਾ ਤੇ ਇਸ ਕਰਕੇ ਇਹ ਖੇਡ ਕਿਵੇਂ ਖੇਡਾਂਗਾ ਪਰ ਤੁਸੀਂ ਹਮੇਸ਼ਾ ਤਾਅਨਿਆਂ ਕਾਰਨ ਹੀ ਅੱਗੇ ਵਧਦੇ ਹੋ।’’ ਕਪਿਲ ਨੇ ਆਖਿਆ, ‘‘ਤੁਹਾਨੂੰ ਇਨ੍ਹਾਂ (ਤਾਅਨਿਆਂ) ਨੂੰ ਹਾਂ-ਪੱਖੀ ਤਰੀਕੇ ਨਾਲ ਦੇਖਣਾ ਚਾਹੀਦਾ ਹੈ। ਉਨ੍ਹਾਂ ਦੇ ਤਾਅਨਿਆਂ ਨੂੰ ਚੁਣੌਤੀ ’ਚ ਬਦਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਚਾਹੀਦਾ ਹੈ। ਮੇਰੀਆਂ ਪ੍ਰਾਪਤੀਆਂ ਦੇਖ ਕੇ ਹੁਣ ਉਹ ਮੇਰੀ ਹਮਾਇਤ ਕਰਦੇ ਹਨ।’’ -ਪੀਟੀਆਈ