ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਸਤੰਬਰ
ਦੱਖਣੀ ਬਾਈਪਾਸ ’ਤੇ ਬਣੇ ਐਲੀਵੇਟਿਡ ਪੁਲ ਦੀ ਸਲੈਬ ਦੇ ਖਰਾਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ‘ਆਪ’ ਵਿਧਾਇਕ ਨੇ ਅਧਿਕਾਰੀਆਂ ਨਾਲ ਇਸ ਦਾ ਨਿਰੀਖਣ ਕੀਤਾ। ਉਨ੍ਹਾਂ ਪੁਲ ਦੀ ਜਲਦੀ ਮੁਰੰਮਤ ਕਰਨ ਦੇ ਹੁਕਮ ਜਾਰੀ ਕੀਤੇ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਇਸ ਪੁਲ ਤੋਂ ਲੰਘਣ ਵਾਲੇ ਵੱਡੇ ਵਾਹਨਾਂ ਲਈ ਰਸਤੇ ਨੂੰ ਡਾਇਵਰਟ ਕਰ ਦਿੱਤਾ ਹੈ ਤਾਂ ਜੋ ਭਾਰੀ ਵਾਹਨਾਂ ਕਾਰਨ ਪੁਲ ਨੂੰ ਹੋਰ ਨੁਕਸਾਨ ਨਾ ਹੋਵੇ। ਹਾਲਾਂਕਿ ‘ਆਪ’ ਵਿਧਾਇਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਪੁਲ 11 ਸਾਲ ਪੁਰਾਣਾ ਹੈ ਅਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਕਿ ਪੁਲ ਇੰਨੀ ਜਲਦੀ ਕਿਵੇਂ ਖਰਾਬ ਹੋ ਗਿਆ। ਦੱਖਣੀ ਬਾਈਪਾਸ ’ਤੇ ਬਣੇ ਪੁਲ ’ਚ ਪਏ ਡੂੰਘੇ ਟੋਇਆਂ ਦੇ ਨਾਲ-ਨਾਲ ਕਈ ਥਾਵਾਂ ’ਤੇ ਸਲੈਬ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪੁਲ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਦੇਖਿਆ ਕਿ ਪੁਲ ’ਤੇ ਡੂੰਘੇ ਟੋਏ ਪਏ ਹੋਏ ਹਨ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਗੱਲ ਹੈ ਕੀ ਪੁਲ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜੇ ਪੁਲ ਨੂੰ ਬਣਿਆਂ ਸਿਰਫ਼ 11 ਸਾਲ ਹੀ ਹੋਏ ਹਨ। ਪੁਲ ’ਤੇ ਵਰਤੇ ਗਏ ਸਾਮਾਨ ਦੀ ਜਾਂਚ ਕੀਤੀ ਜਾਵੇਗੀ। ਜਿਸ ਠੇਕੇਦਾਰ ਨੇ ਪੁਲ ਤਿਆਰ ਕੀਤਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਕੇ ਪੁਲ ਦੀ ਮੁਰੰਮਤ ਕਰਵਾਈ ਜਾਵੇਗੀ। ਵਿਧਾਇਕ ਗੋਗੀ ਨੇ ਕਿਹਾ ਕਿ ਪੁਲ ’ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਸਰੀਏ ਵੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਏਸੀਪੀ ਟਰੈਫਿਕ ਚਰਨਜੀਵ ਲਾਂਬਾ ਨੇ ਦੱਸਿਆ ਕਿ ਰੂਟ ਨੂੰ ਪਹਿਲਾਂ ਹੀ ਡਾਇਵਰਟ ਕੀਤਾ ਗਿਆ ਹੈ। ਜੇਕਰ ਜਲਦੀ ਹੀ ਪੁਲ ਦੀ ਮੁਰੰਮਤ ਹੋ ਜਾਂਦੀ ਹੈ ਤਾਂ ਆਵਾਜਾਈ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ।