ਸੰਤੋਖ ਗਿੱਲ
ਰਾਏਕੋਟ, 11 ਸਤੰਬਰ
ਪੰਜਾਬ ਖੇਤੀਬਾੜੀ ਵਿਕਾਸ ਬੈਂਕ ਰਾਏਕੋਟ ਦੇ ਮੈਨੇਜਰ ਇੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਬੈਂਕ ਦੇ ਸਾਬਕਾ ਮੈਨੇਜਰ ਅਸ਼ੋਕ ਕੁਮਾਰ ਅਤੇ ਫੀਲਡ ਅਫ਼ਸਰ ਸਰਬਜੀਤ ਸਿੰਘ ਖ਼ਿਲਾਫ਼ ਰਾਏਕੋਟ (ਸ਼ਹਿਰੀ) ਪੁਲੀਸ ਨੇ ਗਬਨ ਅਤੇ ਫ਼ਰਜ਼ੀ ਕਰਜ਼ਾ ਕੇਸਾਂ ਦੇ ਦੋ ਮਾਮਲਿਆਂ ਵਿੱਚ ਨਾਮਜ਼ਦ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਅਨੁਸਾਰ ਦੋ ਮਾਮਲਿਆਂ ਦੀ ਵਿਭਾਗੀ ਪੜਤਾਲ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ਅਨੁਸਾਰ ਉਪ ਪੁਲੀਸ ਕਪਤਾਨ (ਜਾਂਚ) ਵੱਲੋਂ ਕੀਤੀ ਗਈ ਪੜਤਾਲ ਵਿੱਚ ਦੋਸ਼ਾਂ ਦੀ ਪੁਸ਼ਟੀ ਹੋਣ ਉਪਰੰਤ ਕੇਸ ਦਰਜ ਕੀਤੇ ਗਏ ਹਨ। ਦੋਵਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਦੀ ਜ਼ਿੰਮੇਵਾਰੀ ਥਾਣੇਦਾਰ ਸੁਰਜੀਤ ਸਿੰਘ ਨੂੰ ਸੌਂਪੀ ਗਈ ਹੈ ਜਿਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ। ਮੈਨੇਜਰ ਇੰਦਰਜੀਤ ਸਿੰਘ ਵੱਲੋਂ ਦੋ ਦਰਖਾਸਤਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸੇਵਾਮੁਕਤ ਮੈਨੇਜਰ ਅਸ਼ੋਕ ਕੁਮਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਫ਼ੀਲਡ ਅਫ਼ਸਰ ਸਰਬਜੀਤ ਸਿੰਘ ਨਾਲ ਮਿਲੀਭੁਗਤ ਕਰ ਕੇ ਸਾਲ 2013-14 ਦੌਰਾਨ ਖੇਤੀਬਾੜੀ ਕਰਜ਼ੇ ਦੇ 10 ਕੇਸ ਜਾਰੀ ਕਰਨ ਵਿੱਚ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੂਜੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਬੈਂਕ ਮੈਨੇਜਰ ਹੁੰਦੇ ਹੋਏ ਅਸ਼ੋਕ ਕੁਮਾਰ ਨੇ ਸਾਲ 2013-14 ਵਿੱਚ ਹੀ ਖੇਤੀਬਾੜੀ ਕਰਜ਼ੇ ਦੇ 21 ਕੇਸ ਮਨਜ਼ੂਰ ਕੀਤੇ ਸਨ ਅਤੇ ਲੜੀ ਨੰਬਰ 19 ਅਤੇ 20 ਦੇ ਕਰਜ਼ਾ ਕੇਸ ਫ਼ਰਜ਼ੀ ਨਿਕਲੇ ਹਨ। ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਵੀ ਦੋਵੇਂ ਮਾਮਲਿਆਂ ਵਿੱਚ ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਕੇਸ ਦਰਜ ਕੀਤੇ ਗਏ ਹਨ।