ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਸਤੰਬਰ
ਪਿੰਡ ਡੇਹਲੋਂ ਦੀ ਕਿਲਾ ਰਾਏਪੁਰ ਰੋਡ ਸਥਿਤ ਇੱਕ ਹਾਰਡਵੇਅਰ ਦੀ ਦੁਕਾਨ ’ਚ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਸਾਮਾਨ ਨੂੰ ਲੱਗੀ ਅੱਗ ਨਾਲ ਦੁਕਾਨ ਦੀ ਦੂਸਰੀ ਮੰਜ਼ਿਲ ’ਤੇ ਰਿਹਾਇਸ਼ੀ ਇਮਾਰਤ ਅਤੇ ਸਾਮਾਨ ਨੂੰ ਅੱਗ ਲੱਗ ਜਾਣ ਮਾਲਕਾਂ ਨੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਬਾਰੇ ਦੱਸਿਆ ਹੈ। ਸਾਰੀ ਰਾਤ ਕਰੀਬ ਅੱਠ ਘੰਟੇ ਤਿੰਨ ਫਾਇਰ ਬ੍ਰਿਗੇਡਾਂ ਨੇ ਪਾਣੀ ਲਿਆ ਕੇ ਭਾਵੇਂ ਅੱਗ ਤਾਂ ਬੁਝਾ ਲਈ ਪਰ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਨਸ਼ਟ ਹੋ ਗਿਆ। ਬਚਾਅ ਕਾਰਜਾਂ ਵਿੱਚ ਲੱਗੀ ਟੀਮ ਦੀ ਅਗਵਾਈ ਕਰ ਰਹੇ ਵਧੀਕ ਐੱਸ ਐੱਚ ਓ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਉਕਤ ਦੁਕਾਨ ਨੂੰ ਰਾਤ ਕਰੀਬ ਨੌਂ ਵਜੇ ਜਦੋਂ ਮਾਲਿਕ ਪਰਮਿੰਦਰ ਸਿੰਘ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੁਕਾਨ ਅੰਦਰ ਸਪਾਰਕ ਪੈਦਾ ਹੁੰਦੇ ਦੇਖੇ। ਜਦੋਂ ਤੱਕ ਉਹ ਬਾਲਟੀਆਂ ਨਾਲ ਪਾਣੀ ਲਿਆਉਂਦੇ ਉਸ ਵੇਲੇ ਅੱਗ ਫੈਲ ਗਈ ਜਿਸ ਨੂੰ ਬੁਝਾਉਣ ਲਈ ਤਿੰਨ ਫਾਇਰ ਬ੍ਰਿਗੇਡ ਨੇੜਲੇ ਮੈਰਿਜ ਪੈਲੇਸ ਤੋਂ ਪਾਣੀ ਲਿਆ ਕੇ ਸਾਰੀ ਰਾਤ ਲੱਗੇ ਰਹੇ। ਸ਼੍ਰੀ ਕਟਾਰੀਆ ਨੇ ਦੱਸਿਆ ਕਿ ਬਚਾਅ ਕਾਰਜਾਂ ਦੌਰਾਨ ਦੁਕਾਨ ਦੇ ਉੱਪਰ ਰਿਹਾਇਸ਼ ਤੋਂ ਪਰਿਵਾਰਕ ਮੈਂਬਰਾਂ ਨੂੰ ਬਚਾਉਣਾ ਅਤੇ ਬਿਲਕੁਲ ਸਾਹਮਣੇ ਸਥਿਤ ਪੈਟਰੋਲ ਪੰਪ ਨੂੰ ਅੱਗ ਤੋਂ ਬਚਾਉਣਾ ਪੁਲੀਸ ਦੀ ਪਹਿਲ ਸੀ। ਸਮਾਜ ਸੇਵੀ ਪਰਮਦੀਪ ਸਿੰਘ ਡੇਹਲੋਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਕਰਨ ਲਈ ਇਲਾਕਾ ਵਾਸੀਆਂ ਤੇ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ।