ਜੋਗਿੰਦਰ ਸਿੰਘ ਮਾਨ
ਮਾਨਸਾ, 11 ਸਤੰਬਰ
ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ ਤੇ ਮਾਨਸਾ ਜ਼ਿਲ੍ਹੇ ਭਰ ਦੇ ਸਬ-ਡਿਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ 8 ਤੋਂ 11 ਵਜੇ ਤੱਕ ਓ.ਪੀ.ਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਸਰਕਾਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਵਜੋਂ ਓ.ਪੀ.ਡੀ. ਸੇਵਾਵਾਂ ਬੰਦ ਕਰਨ ਕਰਕੇ ਸਾਰੇ ਹਸਪਤਾਲਾਂ ਵਿੱਚ ਕਾਫ਼ੀ ਭੀੜ ਦੇਖੀ ਗਈ। ਮਾਨਸਾ ਜਿਲ੍ਹੇ ਅੰਦਰ ਹਾਲਾਤ ਤਦ ਹੋਰ ਵੀ ਗੰਭੀਰ ਬਣ ਗਏ, ਜਦੋਂ ਨਸ਼ਾ ਛੁਡਾਊ ਕੇਂਦਰਾਂ ’ਤੇ ਹਫਤੇ ਦੀ ਦਵਾਈ ਦੀ ਜਗ੍ਹਾ ਇੱਕ ਦਿਨ ਦੀ ਦਵਾਈ ਹੀ ਮਿਲੀ ਜਿਸ ਕਾਰਨ ਕੇਂਦਰਾਂ ’ਤੇ ਭੀੜ ਬਣੀ ਰਹੀ। ਪੀ.ਸੀ.ਐਮ.ਐਸ. ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ.ਗੁਰਜੀਵਨ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਤੇ ਕੈਬਨਿਟ ਦੀ ਸਬ-ਕਮੇਟੀ ਦੇ ਤੌਰ ’ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਵਿਰੋਧ ਘਟਾਇਆ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸਰਕਾਰੀ ਹਸਪਤਾਲ ਵਿਖੇ ਪੇਟ ਦਰਦ ਦੇ ਇਲਾਜ ਲਈ ਦੋ ਦਿਨਾਂ ਤੋਂ ਗੇੜੇ ਕੱਢ ਰਹੇ ਪਿੰਡ ਸੋਥਾ ਦੇ 80 ਸਾਲਾ ਗੁਰਦੇਵ ਸਿੰਘ ਡਾਕਟਰਾਂ ਦੀ ਹੜਤਾਲ ਕਰਕੇ ਡਾਢਾ ਪ੍ਰੇਸ਼ਾਨ ਹੈ। ਉਹ ਬੜੀ ਮੁਸ਼ਕਲ ਨਾਲ ਦੋ ਦਿਨਾਂ ਤੋਂ ਹਸਪਤਾਲ ਆ ਰਿਹਾ ਹੈ। ਪਹਿਲੇ ਦਿਨ 11 ਵਜੇ ਤੱਕ ਹੜਤਾਲ ਸੀ ਤੇ ਉਸਤੋਂ ਬਾਅਦ ਡਾਕਟਰ ਕੋਲ ਉਸਦੀ ਮਸਾਂ ਹੀ ਵਾਰੀ ਆਈ ਤਾਂ ਡਾਕਟਰ ਨੇ ਟੈਸਟ ਲਿਖ ਦਿੱਤੇ। ਦੂਜੇ ਦਿਨ ਉਹ ਟੈਸਟ ਕਰਾਉਣ ਆਇਆ ਤਾਂ ਫਿਰ ਡਾਕਟਰਾਂ ਦੀ ਹੜਤਾਲ ਕਾਰਣ ਉਸਨੂੰ ਦਵਾਈ ਨਹੀਂ ਮਿਲੀ। ਇਹੀ ਹਾਲ ਅੰਗਹੀਣ ਲਾਲ ਸਿੰਘ ਤੇ ਹੋਰ ਬਹੁਤ ਸਾਰੇ ਮਰੀਜ਼ਾਂ ਦਾ ਹੈ। ਸਰਕਾਰੀ ਹਸਪਤਾਲ ’ਚ ਬਹੁਤ ਅੰਤਾਂ ਦੇ ਗਰੀਬ ਤੇ ਪੇਂਡੂ ਮਰੀਜ਼ ਹੀ ਆਉਂਦੇ ਹਨ। ਮਰੀਜ਼ਾਂ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਾਂ ਕੋਲ ਉਹ ਜਾ ਨਹੀਂ ਸਕਦੇ ਤੇ ਸਰਕਾਰੀ ਡਾਕਟਰ ਹੜਤਾਲ ’ਤੇ ਹਨ, ਉਹ ਜਾਣ ਤਾਂ ਕਿਥੇ ਜਾਣ।
ਤਿੰਨ ਦਿਨਾਂ ਤੋਂ ਗੇੜੇ ਕੱਢ ਰਹੇ ਹਨ ਗਰੀਬ ਮਰੀਜ਼
ਦੋਦਾ (ਜਸਵੀਰ ਸਿੰਘ ਭੁੱਲਰ): ਹੜਤਾਲ ਦੇ ਤੀਜੇ ਦਿਨ ਵੀ ਡਾਕਟਰਾਂ ਵੱਲੋਂ ਸਵੇਰੇ 8 ਤੋਂ 11 ਵਜੇ ਤੱਕ ਕੰਮ ਬੰਦ ਕਰਨ ਕਾਰਨ ਸਰਕਾਰੀ ਹਸਪਤਾਲ ਦੋਦਾ ਵਿਖੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਇਥੇ ਜਿਕਰਯੋਗ ਹੈ ਇਸ ਹਸਪਤਾਲ ਅਧੀਨ 45 ਪਿੰਡ ਆਉਦਂੇ ਹਨ। ਡਾਕਰਟਾਂ ਨੇ ਕਿਹਾ ਕਿ ਏ ਸੀ ਪੀ, 4-9-14 ਪ੍ਰਮੋਸ਼ਨ ਅਤੇ ਤਨਖਾਹਾਂ ਦੇ ਵਾਧੇ ਦੀ ਮੰਗ ਹੈ। ਜਿਸ ਕਾਰਨ ਸਾਡੀਆਂ ਤਰੱਕੀਆਂ ਵਿਭਾਗ ਨੇ ਰੋਕ ਰੱਖੀਆਂ ਹਨ । ਉਨਾਂ ਸਰਕਾਰ ਤੋਂ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੇਕਰ ਲੋੜ ਪਈ ਤਾਂ ਉਹ ਸ਼ੰਘਰਸ਼ ਹੋਰ ਵੀ ਤਿੱਖਾ ਕਰਨ ਤੋਂ ਗੁਰੇਜ ਨਹੀ ਕਰਨਗੇ। ਇਸ ਹਸਪਤਾਲ ਵਿਚ ਪਹਿਲਾਂ ਤਾਂ ਡਾਕਟਰਾਂ ਦੀ ਬਹੁਤੀਆਂ ਪੋਸਟਾਂ ਹੀ ਖਾਲੀ ਪਈਆਂ ਹਨ।