ਬਰਲਿਨ, 11 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਰਮਨੀ ਦੇ ਸੰਸਦ ’ਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਮਾਈਕਲ ਰੋਥ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਆਲਮੀ ਚੁਣੌਤੀਆਂ ਤੇ ਨਵੇਂ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਜੈਸ਼ੰਕਰ ਤਿੰਨ ਮੁਲਕਾਂ ਦੀ ਆਪਣੀ ਯਾਤਰਾ ਦੇ ਦੂਜੇ ਗੇੜ ਤਹਿਤ ਜਰਮਨੀ ਵਿੱਚ ਹਨ। ਉਹ ‘ਭਾਰਤ-ਖਾੜੀ ਸਹਿਯੋਗ ਪਰਿਸ਼ਦ ਦੀ ਮੰਤਰੀ ਪੱਧਰੀ ਮੀਟਿੰਗ’ ਵਿੱਚ ਹਿੱਸਾ ਲੈਣ ਮਗਰੋਂ ਸਾਊਦੀ ਅਰਬ ਤੋਂ ਇੱਥੇ ਪਹੁੰਚੇ ਹਨ।
ਜੈਸ਼ੰਕਰ ਨੇ ਬੀਤੇ ਦਿਨ ਮੀਟਿੰਗ ਮਗਰੋਂ ਐਕਸ ’ਤੇ ਪੋਸਟ ’ਚ ਕਿਹਾ, ‘ਸੰਸਦ ਮੈਂਬਰ ਤੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਮਾਈਕਲ ਰੋਥ ਨਾਲ ਮਿਲ ਕੇ ਖੁਸ਼ੀ ਹੋਈ। ਮੌਜੂਦਾ ਚੁਣੌਤੀਆਂ ਅਤੇ ਭਾਰਤ ਤੇ ਜਰਮਨੀ ਵਿਚਾਲੇ ਨਵੇਂ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਸਾਂਝੇ ਕੀਤੇ।’ ਉਨ੍ਹਾਂ ਬਰਲਿਨ ਵਿੱਚ ਮਿਊਨਿਖ਼ ਸੁਰੱਖਿਆ ਸੰਮੇਲਨ ਦੌਰਾਨ ਵਿਦੇਸ਼ ਮਾਮਲਿਆਂ ਤੇ ਸੁਰੱਖਿਆ ਨੀਤੀ ਮਾਹਿਰਾਂ ਨਾਲ ਗੱਲਬਾਤ ਵੀ ਕੀਤੀ। ਜੈਸ਼ੰਕਰ ਨੇ ਕਿਹਾ, ‘ਬਦਲਦੇ ਆਲਮੀ ਪ੍ਰਬੰਧ, ਸੁਰੱਖਿਆ ਚੁਣੌਤੀਆਂ ਅਤੇ ਭਾਰਤ ਤੇ ਜਰਮਨੀ ਵਿਚਾਲੇ ਰਣਨੀਤਕ ਬਰਾਬਰੀ ’ਤੇ ਵਿਚਾਰ-ਚਰਚਾ ਕੀਤੀ ਗਈ।’ ਜੈਸ਼ੰਕਰ ਨੇ ਜਰਮਨੀ ਦੇ ਸੰਸਦ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। -ਪੀਟੀਆਈ