ਜਸਵੰਤ ਸਿੰਘ ਥਿੰਦ
ਮਮਦੋਟ, 11 ਸਤੰਬਰ
ਦਿੱਲੀ ਤਰਜ਼ ’ਤੇ ਪੰਜਾਬ ਵਿਚ ਸਿੱਖਿਆ ਨੀਤੀ ਲਾਗੂ ਕਰਨ ਦਾ ਦਾਅਵਾ ਕਰਨ ਵਾਲੀ ਤੇ ਸਿਹਤ ਤੇ ਸਿੱਖਿਆ ਗਾਰੰਟੀ ਦੇ ਕੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਨੂੰ ਪੌਣੇ ਤਿੰਨ ਸਾਲ ਹੋ ਚੱਲੇ ਹਨ ਪਰ ਇਸ ਸਰਕਾਰ ਦੇ ਰਾਜ ਵਿੱਚ ਅਜੇ ਵੀ ਇਸ ਤਰ੍ਹਾਂ ਦੇ ਸਕੂਲ ਹਨ ਜਿਹੜੇ ਪ੍ਰਿੰਸੀਪਲ ਤੇ ਲੈਕਚਰਾਰਾਂ ਤੋਂ ਬਿਨਾਂ ਹੀ ਚੱਲ ਰਹੇ ਹਨ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਮਮਦੋਟ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਪੰਜਾਬੀ, ਅੰਗਰੇਜ਼ੀ, ਹਿਸਟਰੀ, ਅਰਥ-ਸ਼ਾਸਤਰ ਸਮੇਤ ਕੁਲ 4 ਲੈਕਚਰਾਰਾਂ ਦੀਆਂ ਪੋਸਟਾਂ ਹਨ ਅਤੇ ਚਾਰੇ ਹੀ ਖਾਲੀ ਹਨ। ਇੱਥੇ 10+1 ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ 76 ਹੈ ਅਤੇ 10+2 ਕਲਾਸ ਵਿੱਚ ਵਿਦਿਆਰਥੀ ਦੀ ਗਿਣਤੀ 55 ਹੈ। ਇਨ੍ਹਾਂ 131 ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਇਕ ਵੀ ਲੈਕਚਰਾਰ ਮੌਜੂਦ ਨਹੀ ਹੈ। ਇਸ ਸਕੂਲ ਦੀ ਬਦਕਿਸਮਤੀ ਇਹ ਹੈ ਕੇ ਇੱਥੇ ਪ੍ਰਿੰਸੀਪਲ ਦੀ ਸੀਟ ਵੀ ਖਾਲੀ ਹੈ ਜਿਹੜਾ ਸਕੂਲ ਬਿਨਾਂ ਪ੍ਰਿੰਸੀਪਲ ਤੇ ਬਿਨਾਂ ਲੈਕਚਰਾਰਾ ਤੋਂ ਚੱਲ ਰਿਹਾ ਹੈ ਉਥੇ ਬੱਚਿਆਂ ਦੇ ਭਵਿੱਖ ਦਾ ਕੀ ਬਣੇਗਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੁਨੀਲਾ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਲਿਖ ਕੇ ਭੇਜ ਚੁੱਕੇ ਹਨ, ਸਰਕਾਰ ਵੱਲੋਂ ਪ੍ਰਮੋਸ਼ਨਾਂ ਹੋਣੀਆਂ ਹਨ ਅਤੇ ਜਲਦੀ ਹੀ ਇਸ ਸਕੂਲ ਵਿੱਚ ਲੈਕਚਰਾਰ ਭੇਜੇ ਜਾਣਗੇ।