ਜਸਵੰਤ ਸਿੰਘ ਥਿੰਦ
ਮਮਦੋਟ, 11 ਸਤੰਬਰ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਅਲੀ ਕੇ ਦੇ ਕਿਸਾਨ ਯੂਨੀਅਨ ਕਾਦੀਆਂ ਨਾਲ ਸਬੰਧਿਤ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਬੀਡੀਪੀਓ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਨਰੇਗਾ ਮਜ਼ਦੂਰ ਮੰਗ ਕਰ ਰਹੇ ਸਨ ਕਿ ਉਹਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਫਿਰੋਜ਼ਪੁਰ ਫਾਜ਼ਿਲਕਾ ਸੜਕ ਨੂੰ ਜਾਮ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਬੀਡੀਪੀਓ ਮਮਦੋਟ ਦੀ ਹੋਵੇਗੀ। ਮੇਟ ਰਾਜਪਾਲ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ ਅਤੇ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਨਰੇਗਾ ਦਾ ਕੰਮ ਸਹੀ ਢੰਗ ਨਾਲ ਨਹੀਂ ਦਿੱਤਾ ਜਾ ਰਿਹਾ ਜੋ ਮਸਟਰੋਲ ਕੱਢਿਆ ਜਾਂਦਾ ਹੈ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰ ਕੰਮ ਤੋਂ ਵਿਹਲੇ ਰਹਿ ਜਾਂਦੇ ਹਨ। ਇਸ ਸਬੰਧੀ ਬੀਡੀਪੀਓ ਨੂੰ ਮਿਲ ਚੁੱਕੇ ਹਨ ਲੇਕਿਨ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਕਾਰਨ ਮਜਬੂਰਨ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਬੀਡੀਪੀਓ ਨਾਲ ਵਾਰ ਵਾਰ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਮੋਬਾਈਲ ਫੋਨ ਨਹੀਂ ਚੁੱਕਿਆ।