ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 11 ਸਤੰਬਰ
ਇਸ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਨੇ ਅੱਜ ਨਾਮਜ਼ਦਗੀ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ ਕੀਤਾ। ਉਹ ਸਵੇਰੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਸਮਰਥਕਾਂ ਨਾਲ ਪਿੰਡ ਚੋਰਮਾਰ ਦੇ ਇਤਿਹਾਸਕ ਗੁਰਦੁਆਰੇ ਵਿੱਚ ਨਤਮਸਤਕ ਹੋਏ ਜਿਸ ਮਗਰੋਂ ਚੋਰਮਾਰ ਤੋਂ ਲੈ ਕੇ ਡੱਬਵਾਲੀ ਸ਼ਹਿਰ ਵਿੱਚ ਵੱਡੀ ਗਿਣਤੀ ਗੱਡੀਆਂ ’ਤੇ ਹਜ਼ਾਰਾਂ ਸਮਰਥਕਾਂ ਦੇ ਕਾਫਲੇ ਦੇ ਨਾਲ ਰੋਡ ਸ਼ੋਅ ਕੱਢਿਆ ਗਿਆ। ਗਦਰਾਣਾ ਦਾ ਰੋਡ ਸ਼ੋਅ ਡੱਬਵਾਲੀ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਲੰਘਿਆ।
ਸਿਰਸਾ ਰੋਡ ’ਤੇ ਸਥਿਤ ਆਪ ਦਫ਼ਤਰ ਵਿਚ ਆਪ ਵਿਧਾਇਕ ਪ੍ਰੋ.ਬਲਜਿੰਦਰ ਕੌਰ ਨੇ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਮਜ਼ਬੂਤੀ ਨਾਲ ਚੋਣ ਲੜ ਰਹੀ ਹੈ। ਹਰਿਆਣਾ ਦੀ ਜਨਤਾ ਬਦਲਾਅ ਲਈ ਵੋਟ ਕਰੇਗੀ ਅਤੇ ਆਪ ਦੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦਾ ਵਿਕਾਸ ਕਰਨ ’ਚ ਫੇਲ੍ਹ ਰਹੀ। ਅਰਵਿੰਦ ਕੇਜਰੀਵਾਲ ਨੇ ਹਰਿਆਣੇ ਦੇ ਲੋਕਾਂ ਨੂੰ ਪੰਜ ਗਾਰੰਟੀਆਂ ਦਿੱਤੀਆਂ ਹਨ। ਜਿਸ ਵਿੱਚ ਸਭ ਤੋਂ ਪਹਿਲੀ ਗਾਰੰਟੀ ਚੰਗੇ ਸਕੂਲ ਅਤੇ ਹਰ ਬੱਚੇ ਨੂੰ ਮੁਫਤ ਤੇ ਚੰਗੀ ਸਿੱਖਿਆ ਦੇਣਾ ਹੈ। ਉਨ੍ਹਾਂ ਡੱਬਵਾਲੀ ਹਲਕੇ ਦੇ ਲੋਕਾਂ ਨੂੰ ਆਪ ਉਮੀਦਵਾਰ ਕੁਲਦੀਪ ਗਦਰਾਣਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕੁਲਦੀਪ ਗਦਰਾਣਾ ਨੇ ਕਿਹਾ ਕਿ ਪੰਜਾਬ ਦੀ ਤਰਜ ’ਤੇ ਹਰਿਆਣਾ ’ਚ ਆਪ ਸਰਕਾਰ ਬਣਨ ਜਾ ਰਹੀ ਹੈ। ਆਗਾਮੀ ਸਮਾਂ ਆਮ ਆਦਮੀ ਪਾਰਟੀ ਦਾ ਹੈ । ਉਨ੍ਹਾਂ ਕਰੀਬ ਤਿੰਨ ਦਹਾਕਿਆਂ ਤੋਂ ਡੱਬਵਾਲੀ ਖੇਤਰ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਜਨਤਾ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਸੀਨੀਅਰ ਆਪ ਆਗੂ ਦਇਆ ਰਾਮ ਜੋਇਆਂ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ, ਰਵੀ ਬਿਸ਼ਨੋਈ ਅਤੇ ਹੋਰ ਕਾਰਕੁਨ ਅਤੇ ਅਹੁਦੇਦਾਰ ਮੌਜੂਦ ਸਨ।
ਡੱਬਵਾਲੀ ’ਚ ਕੁੱਲ ਅੱਠ ਨਾਮਜ਼ਦਗੀਆਂ
ਡੱਬਵਾਲੀ ਸੀਟ (ਜਨਰਲ) ’ਤੇ ਅੱਜ ਤੱਕ ਕੁੱਲ ਅੱਠ ਨਾਮਜ਼ਦਗੀਆਂ ਹੋਈਆਂ ਹਨ। ਅੱਜ ਕੁਲਦੀਪ ਗਦਰਾਣਾ ਦੇ ਇਲਾਵਾ ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਤੇ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੈਟਿਕ) ਦੇ ਉਮੀਦਵਾਰ ਕੁਲਵੀਰ ਸਿੰਘ ਨੇ ਵੀ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਤੋਂ ਪਹਿਲਾਂ ਇਨੈਲੋ-ਬਸਪਾ ਦੇ ਅਦਿੱਤਿਆ ਚੌਟਾਲਾ, ਜਜਪਾ-ਏਐਸਪੀ ਦੇ ਦਿਗਵਿਜੇ ਚੌਟਾਲਾ , ਜਜਪਾ ਦੇ ਕਵਰਿੰਗ ਉਮੀਦਵਾਰ ਨੈਨਾ ਚੌਟਾਲਾ, ਜਨਸੇਵਕ ਕ੍ਰਾਂਤੀ ਪਾਰਟੀ ਦੇ ਆਕਾਸ਼ਦੀਪ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰ ਅੰਕਿਤ ਕੁਮਾਰ ਅਤੇ ਰਾਜੇਸ਼ ਕੁਮਾਰ ਨਾਮਜ਼ਦਗੀਆਂ ਕਰ ਚੁੱਕੇ ਹਨ।