ਆਤਿਸ਼ ਗੁਪਤਾ
ਚੰਡੀਗੜ੍ਹ, 11 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਤੋਂ ਪਹਿਲੇ ਦਿਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਵਿਨੇਸ਼ ਫੋਗਾਟ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ‘ਆਪ’ ਆਗੂ ਅਨੁਰਾਗ ਢਾਂਡਾ ਸਣੇ ਦਰਜਨਾਂ ਆਗੂਆਂ ਨੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਹਾਲਾਂਕਿ ਰਹਿੰਦੇ ਉਮੀਦਵਾਰਾਂ ਵੱਲੋਂ 12 ਸਤੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਆਪਣੇ ਕਾਗਜ਼ ਭਰੇ ਜਾਣਗੇ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵਿਧਾਨ ਸਭਾ ਹਲਕਾ ਗੜ੍ਹੀ ਸਾਂਪਲਾ ਕਿਲੋਈ ਤੋਂ ਪੱਤਰ ਦਾਖਲ ਕੀਤੇ। ਇਸ ਮੌਕੇ ਸ੍ਰੀ ਹੁੱਡਾ ਦੇ ਨਾਲ ਉਨ੍ਹਾਂ ਦੀ ਪਤਨੀ ਆਸ਼ਾ ਹੁੱਡਾ, ਪੁੱਤਰ ਦੀਪੇਂਦਰ ਹੁੱਡਾ ਅਤੇ ਨੂੰਹ ਸ਼ਵੇਤਾ ਹੁੱਡਾ ਵੀ ਮੌਜੂਦ ਸੀ। ਇਸੇ ਦੌਰਾਨ ਪਹਿਲਵਾਨ ਤੋਂ ਸਿਆਸਤਦਾਨ ਬਣੀ ਅਤੇ ਜੀਂਦ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵਿਨੇਸ਼ ਫੋਗਾਟ ਨੇ ਵੀ ਅੱਜ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਇਸ ਮੌਕੇ ਉਸ ਦੇ ਨਾਲ ਕਾਂਗਰਸੀ ਆਗੂ ਅਤੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਅਤੇ ਸੋਨੀਪਤ ਤੋਂ ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ ਵੀ ਹਾਜ਼ਰ ਸਨ। ਇਸ ਦੌਰਾਨ ਦੀਪੇਂਦਰ ਹੁੱਡਾ ਨੇ ਕਿਹਾ ਕਿ ਫੋਗਾਟ ਪਾਰਟੀ ਲਈ ਵੱਡੀ ਜਿੱਤ ਦਰਜ ਕਰੇਗੀ। ਇਸ ਤੋਂ ਇਲਾਵਾ ਕਾਂਗਰਸ ਦੇ ਵਰਧਨ ਯਾਦਵ ਨੇ ਬਾਦਸ਼ਾਹਪੁਰ, ਬਲਰਾਮ ਦਾਂਗੀ ਨੇ ਮਹਿਮ ਸਣੇ ਹੋਰਨਾਂ ਕਈ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲਾ, ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਓਪੀ ਧਨਖੜ ਨੇ ਬਾਦਲੀ, ਕ੍ਰਿਸ਼ਨ ਲਾਲ ਪੰਵਾਰ ਨੇ ਇਸਰਾਨਾ, ਰੇਨੂੰ ਡਾਬਲਾ ਨੇ ਕਲਾਨੌਰ, ਹਰਵਿੰਦਰ ਕਲਿਆਣ ਨੇ ਘਰੌਂਦਾ, ਸਾਬਕਾ ਮੰਤਰੀ ਕ੍ਰਿਸ਼ਨ ਗਹਿਲਾਵਤ ਨੇ ਰਾਈ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਵਿਧਾਨ ਸਭਾ ਹਲਕਾ ਕਲਾਇਤ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੌਜੂਦ ਰਹੇ। ਇਸੇ ਤਰ੍ਹਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਵਿਧਾਨ ਸਭਾ ਤੋਂ ਉਮੀਦਵਾਰ ਪਵਨ ਫ਼ੌਜੀ ਨੇ ਪੱਤਰ ਦਾਖ਼ਲ ਕੀਤਾ।