ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 11 ਸਤੰਬਰ
ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਮਹਿਲਾ ਵਰਕਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਜਿਨਸੀ ਪ੍ਰੇਸ਼ਾਨੀ ਦੀ ਰੋਕਥਾਮ ਵਿਸ਼ੇ ’ਤੇ ਅੱਜ ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸੁਰਭੀ ਪਰਾਸ਼ਰ ਨੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਅਤੇ ਗਿਆਨ ਜਯੋਤੀ ਇੰਸਟੀਚਿਊਟ ਦੇ ਫੈਕਲਟੀ ਮੈਂਬਰਾਂ ਨੂੰ ਪ੍ਰੀਵੈਨਸ਼ਨ ਆਫ਼ ਸੈਕਸੂਅਲ ਹਰਾਸਮੈਂਟ ਐਕਟ ਦੇ ਉਪਬੰਧਾਂ ਬਾਰੇ ਜਾਣੂ ਕਰਵਾਉਂਦਿਆਂ ‘ਵਿਸ਼ਾਖਾ ਅਤੇ ਹੋਰ ਬਨਾਮ ਰਾਜਸਥਾਨ ਰਾਜ’ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ‘ਔਰੇਲੀਆਨੋ ਫਰਨਾਂਡਿਜ਼ ਬਨਾਮ ਗੋਆ ਰਾਜ ਅਤੇ ਹੋਰਨਾਂ’ ਦੇ ਮਾਮਲੇ ਵਿੱਚ ਮਹੱਤਵਪੂਰਨ ਫ਼ੈਸਲੇ ਦੀ ਚਰਚਾ ਕੀਤੀ।
ਸ੍ਰੀਮਤੀ ਪਰਾਸ਼ਰ ਨੇ ਦੱਸਿਆ ਕਿ 14 ਸਤੰਬਰ ਨੂੰ ਇਸ ਵਰ੍ਹੇ ਦੀ ਤੀਜੀ ਕੌਮੀ ਲੋਕ ਲਗਾਈ ਜਾ ਰਹੀ ਹੈ। ਲੋਕ ਅਦਾਲਤ ਵਿੱਚ ਟਰੈਫ਼ਿਕ ਚਲਾਨਾਂ ਦਾ ਵੀ ਨਿਬੇੜਾ ਕੀਤਾ ਜਾਵੇਗਾ। ਜੇ ਕੋਈ ਵਿਅਕਤੀ ਆਪਣਾ ਚਲਾਨ ਲੋਕ ਅਦਾਲਤ ਵਿੱਚ ਭੁਗਤਾਉਣਾ ਚਾਹੁੰਦਾ ਹੈ ਤਾਂ ਉਹ ਇਸ ਸਬੰਧੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦੇ ਸਕਦਾ ਹੈ।