ਲੁਧਿਆਣਾ:
ਸ਼ਿਮਲਾਪੁਰੀ ਦੀ ਪੁਲੀਸ ਨੇ ਬਰੋਟਾ ਰੋਡ ਨਹਿਰ ਸ਼ਿਮਲਾਪੁਰੀ ਦੇ ਕਿਨਾਰੇ ਬਣੇ ਸ਼ਿਵ ਮੰਦਰ ਦੀਆਂ ਮੂਰਤੀਆਂ ਦੀ ਭੰਨ-ਤੋੜ ਕਰਨ ਅਤੇ ਕੁਝ ਮੂਰਤੀਆਂ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਅਵਤਾਰ ਸਿੰਘ ਨੰਦਾ ਵਾਸੀ ਮੁਹੱਲਾ ਪ੍ਰੀਤ ਨਗਰ ਸ਼ਿਮਲਾਪੁਰੀ ਨੇ ਦੱਸਿਆ ਹੈ ਕਿ ਉਹ ਸ਼ਿਵ ਮੰਦਰ ਵਿੱਚ ਪੂਜਾ ਕਰਨ ਲਈ ਗਿਆ ਤਾਂ ਦੇਖਿਆ ਕਿ ਮੰਦਰ ਵਿੱਚ ਲੱਗਾ ਤ੍ਰਿਸ਼ੂਲ ਟੁੱਟਿਆ ਹੋਇਆ ਸੀ। ਇਸ ਤੋਂ ਇਲਾਵਾ ਭੋਲੇ ਸ਼ੰਕਰ ਦੀ ਮੂਰਤੀ ਦੇ ਹੱਥ ਦੀਆਂ ਉਂਗਲਾਂ, ਸ੍ਰੀ ਹਨੂਮਾਨ ਦੀ ਮੂਰਤੀ ਦੀ ਭੰਨ-ਤੋੜ ਕੀਤੀ ਹੋਈ ਸੀ। ਭੋਲੇ ਸ਼ੰਕਰ ਦੀ ਮੂਰਤੀ ਸਾਹਮਣੇ ਲੱਗੀ ਨੰਦੀ ਮਹਾਰਾਜ ਦੀ ਮੂਰਤੀ ਵੀ ਗਾਇਬ ਸੀ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ