ਜਗਮੋਹਨ ਸਿੰਘ
ਘਨੌਲੀ/ਰੂਪਨਗਰ, 11 ਸਤੰਬਰ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਕੌਮੀ ਮਾਰਗਾਂ ਲਈ ਸੁਆਹ ਵਾਲੇ ਟਿੱਪਰਾਂ ਦੀ ਆਵਾਜਾਈ ਬਦਲਵੇਂ ਮਾਰਗ ਤੋਂ ਵੀ ਬੰਦ ਹੋ ਗਈ ਹੈ। ਅੱਜ ਘਨੌਲੀ, ਦਸਮੇਸ਼ ਨਗਰ ਘਨੌਲੀ, ਬੇਗਮਪੁਰਾ, ਅਲੀਪੁਰ, ਰਾਵਲਮਾਜਰਾ ਤੇ ਲੋਹਗੜ੍ਹ ਫਿੱਡੇ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਥਰਮਲ ਮੁਲਾਜ਼ਮਾਂ ਨੇ ਆਗੂ ਕੁਲਦੀਪ ਸਿੰਘ ਘਨੌਲੀ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਵੀਡੀਓ ਅਤੇ ਤਸਵੀਰਾਂ ਤੋਂ ਇਲਾਵਾ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦਿਖਾਉਂਦੇ ਹੋਏ ਦੱਸਿਆ ਕਿ ਸੁਆਹ ਵਾਲੇ ਟਿੱਪਰਾਂ ਦੀ ਆਵਾਜਾਈ ਨੇ ਭਾਖੜਾ ਨਹਿਰ ਦੀਆਂ ਦੋਵੇਂ ਪਟੜੀਆਂ ਤੋਂ ਇਲਾਵਾ ਘਨੌਲੀ ਅਤੇ ਥਰਮਲ ਪਲਾਂਟ ਵਿਚਕਾਰ ਪੁਲ ਦਾ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੁਆਹ ਦੀ ਆਵਾਜਾਈ ਵਿੱਚ ਲੱਗੇ ਟਿੱਪਰ ਚਾਲਕਾਂ ਤੇ ਉਨ੍ਹਾਂ ਦੇ ਮਾਲਕਾਂ ਵੱਲੋਂ ਸੁਆਹ ਦੀ ਢੋਅ-ਢੁਆਈ ਸਬੰਧੀ ਪ੍ਰਦੂਸ਼ਣ ਵਿਭਾਗ ਅਤੇ ਆਵਾਜਾਈ ਵਿਭਾਗ ਦੇ ਨਿਯਮਾਂ ਦਾ ਵੀ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ। ਟਿੱਪਰਾਂ ਆਵਾਜਾਈ ਕਾਰਨ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਭਾਖੜਾ ਨਹਿਰ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਸ ਉਪਰੰਤ ਵਿਧਾਇਕ ਵੱਲੋਂ ਥਰਮਲ ਅਧਿਕਾਰੀਆਂ ਨੂੰ ਬੁਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਗੱਲਬਾਤ ਕੀਤੀ ਗਈ। ਲੋਕਾਂ ਦੀ ਮੰਗ ’ਤੇ ਵਿਧਾਇਕ ਨੇ ਮੁੱਖ ਇੰਜਨੀਅਰ ਨੂੰ ਨਿਰਦੇਸ਼ ਦਿੱਤੇ ਕਿ ਸਬੰਧਤ ਕੰਪਨੀਆਂ ਤੋਂ ਤੁਰੰਤ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਅਜਿਹਾ ਹੋਣ ਤੱਕ ਟਿੱਪਰਾਂ ਦੀ ਆਵਾਜਾਈ ਨੂੰ ਇਸ ਪਾਸਿਉਂ ਬਿਲਕੁਲ ਬੰਦ ਰੱਖਿਆ ਜਾਵੇ।
ਕੁਲਦੀਪ ਸਿੰਘ ਜੇਈ ਨੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇ ਬਿਨਾਂ ਸੜਕਾਂ ਦੀ ਮੁਰੰਮਤ ਟਿੱਪਰਾਂ ਦੀ ਆਵਾਜਾਈ ਮੁੜ ਚਾਲੂ ਕਰ ਦਿੱਤੀ ਗਈ ਤਾਂ ਉਹ ਪੱਕੇ ਧਰਨੇ ’ਤੇ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ।
ਮੁੱਖ ਇੰਜਨੀਅਰ ਵੱਲੋਂ ਧਰਨਾਕਾਰੀਆਂ ਨੂੰ ਗੱਲਬਾਤ ਦਾ ਸੱਦਾ
ਦੇਰ ਸ਼ਾਮ ਭਾਖੜਾ ਨਹਿਰ ਦੇ ਪੁਲ ਤੋਂ ਟਿੱਪਰਾਂ ਦੀ ਆਵਾਜਾਈ ਸਬੰਧੀ ਘਨੌਲੀ ਵਾਲੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੇ ਗੁਰਿੰਦਰ ਸਿੰਘ ਗੋਗੀ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦਿਆਂ ਟਿੱਪਰ ਬੰਦ ਨਾ ਹੋਣ ਦੀ ਸੂਰਤ ਵਿੱਚ 16 ਤਾਰੀਕ ਤੋਂ ਪੱਕਾ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਭਾਖੜਾ ਨਹਿਰ ਤੋਂ ਦੂਜੇ ਪਾਸੇ, ਦਬੁਰਜੀ ਵੱਲ ਸਥਿਤ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਦਬੁਰਜੀ ਵਿੱਚ ਪੱਕੇ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਵੀ ਸਵੇਰੇ 11 ਵਜੇ ਥਰਮਲ ਪਲਾਂਟ ਦੇ ਫੀਲਡ ਹੋਸਟਲ ਵਿੱਚ ਆ ਕੇ ਗੱਲਬਾਤ ਦਾ ਸੱਦਾ ਦਿੱਤਾ ਤਾਂ ਕਿ ਸਮੱਸਿਆ ਦਾ ਕੋਈ ਯੋਗ ਹੱਲ ਕੱਢ ਕੇ ਕੌਮੀ ਮਾਰਗਾਂ ਨੂੰ ਸੁਆਹ ਦੀ ਸਪਲਾਈ ਨਿਯਮਾਂ ਅਨੁਸਾਰ ਦਿੱਤੀ ਜਾ ਸਕੇ।