ਪੱਤਰ ਪ੍ਰੇਰਕ
ਯਮੁਨਾਨਗਰ, 11 ਸਤੰਬਰ
ਇੱਥੋਂ ਦੇ ਪਿੰਡ ਝੀਵਰਹੇੜੀ ਵਿੱਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ । ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਬਾਬਾ ਦਿਲਬਾਗ ਸਿੰਘ ਕਾਰ ਸੇਵਾ ਲੌਹ ਲੰਗਰ ਸ੍ਰੀ ਆਨੰਦਪੁਰ ਸਾਹਿਬ ਵਾਲੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਕਾਰਜਕਾਰਨੀ ਮੈਂਬਰ ਟੀਪੀ ਸਿੰਘ ਅੰਬਾਲਾ, ਇੰਦਰਜੀਤ ਸਿੰਘ ਵਾਸੂਦੇਵਾ, ਅਮਰਜੀਤ ਸਿੰਘ ਯਮੁਨਾਨਗਰ ਆਦਿ ਮੌਜੂਦ ਸਨ। ਨੀਂਹ ਪੱਥਰ ਰੱਖਣ ਉਪਰੰਤ ਸੰਸਥਾ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਦਾ ਕੰਮ ਬਾਬਾ ਦਿਲਬਾਗ ਸਿੰਘ ਕਾਰ ਸੇਵਾ ਲੌਹ ਲੰਗਰ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਤਿੰਨ ਮੰਜ਼ਿਲਾ ਸਰਾਏ ਬਣਾਉਣ ਦਾ ਕੰਮ ਪਟਿਆਲਾ ਦੇ ਬਾਬਾ ਅਮਰੀਕ ਸਿੰਘ ਕਰ ਰਹੇ ਹਨ, ਉਥੇ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਸਰਾਏ ਬਣਾਉਣ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਅੰਬਾਲਾ ਸ਼ਹਿਰ ਦੇ ਸੁੰਦਰ ਗੁਰਦੁਆਰਾ ਮੰਜੀ ਸਾਹਿਬ ਵਿੱਚ ਅਨੰਦਕਾਰਜ ਭਵਨ, ਪ੍ਰਬੰਧਕੀ ਇਮਾਰਤ, ਲੰਗਰ ਹਾਲ ਅਤੇ ਕਰਮਚਾਰੀਆਂ ਦੀ ਰਿਹਾਇਸ਼ ਲਈ ਕਮਰੇ ਵੀ ਬਣਾਏ ਜਾ ਰਹੇ ਹਨ। ਦਾਦੂਵਾਲ ਨੇ ਦੱਸਿਆ ਕਿ ਸੰਸਥਾ ਵੱਲੋਂ ਸਿਰਸਾ ਅਤੇ ਨਾਡਾ ਸਾਹਿਬ ਪੰਚਕੂਲਾ ਵਿੱਚ ਧਰਮ ਪ੍ਰਚਾਰ ਲਈ ਦੋ ਉਪ ਦਫ਼ਤਰ ਚਲਾਏ ਜਾ ਰਹੇ ਹਨ।