ਹਰਜੀਤ ਸਿੰਘ ਪਰਮਾਰ
ਬਟਾਲਾ, 12 ਸਤੰਬਰ
ਇੱਥੇ ਰਾਧਾ ਕ੍ਰਿਸ਼ਨ ਕਾਲੋਨੀ ਵਿੱਚ ਅੱਜ ਦੁਪਹਿਰੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਸ਼ਨਾਖਤ ਦਮਨ ਗੋਰਾਇਆ (18) ਪੁੱਤਰ ਕੁਲਵਿੰਦਰ ਸਿੰਘ ਵਾਸੀ ਹਾਥੀ ਗੇਟ ਬਟਾਲਾ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੀ ਸੁਰੱਖਿਆ ਵਿੱਚ ਤਾਇਨਾਤ ਗੰਨਮੈਨ ਨੇ ਇੱਕ ਹਮਲਾਵਰ ਨੂੰ ਪਿਸਤੌਲ ਸਣੇ ਕਾਬੂ ਕਰ ਲਿਆ ਪਰ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕਰ ਰਹੀ।
ਪ੍ਰਾਪਤ ਵੇਰਵਿਆਂ ਅਨੁਸਾਰ ਰਾਧਾ ਕ੍ਰਿਸ਼ਨ ਕਾਲੋਨੀ ਵਿੱਚ ਅੱਜ ਦੁਪਹਿਰੇ ਦੋ ਨੌਜਵਾਨਾਂ ਨੇ ਦੂਸਰੀ ਧਿਰ ਦੇ ਦੋ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਦਮਨ ਗੋਰਾਇਆ ਨਾਂ ਦਾ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਉਸ ਦੇ ਦੂਸਰੇ ਸਾਥੀ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਤੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਅਤੇ ਮਾਮਲੇ ਦੀ ਜਾਂਚ ਅਰੰਭ ਦਿੱਤੀ। ਬਟਾਲਾ ਦੇ ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਆਗੂ ਦੇ ਇੱਕ ਸੁਰੱਖਿਆ ਕਰਮੀ ਵੱਲੋਂ ਇੱਕ ਹਮਲਾਵਰ ਨੂੰ ਪਿਸਤੌਲ ਸਣੇ ਕਾਬੂ ਕਰਕੇ ਥਾਣਾ ਸਿਟੀ ਦੀ ਪੁਲੀਸ ਹਵਾਲੇ ਕਰਨ ਦੇ ਦਾਅਵੇ ਦੀ ਉਨ੍ਹਾਂ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।