ਐੱਨਪੀ ਧਵਨ
ਪਠਾਨਕੋਟ, 12 ਸਤੰਬਰ
ਦਿ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਬੁੰਗਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਇਸ ਵਾਰ ਹੋਸਟਲ ਵਿੱਚ ਰਹਿਣ ਵਾਲੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਜਦ ਉਹ ਕਾਲਜ ਹੋਸਟਲ ਵਿੱਚੋਂ ਆਪਣਾ ਸਾਮਾਨ ਲੈਣ ਆਏ ਤਾਂ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਵਿੱਚੋਂ ਉਨ੍ਹਾਂ ਦਾ ਸਾਮਾਨ ਗਾਇਬ ਸੀ। ਇਸ ਦੀ ਉਨ੍ਹਾਂ ਨੇ ਵੀਡੀਓ ਵੀ ਬਣਾਈ। ਗਾਇਬ ਸਾਮਾਨ ਵਿੱਚ ਉਨ੍ਹਾਂ ਦੀਆਂ ਕਿਤਾਬਾਂ, ਲਾਗ ਬੁੱਕ, ਅਧਿਐਨ ਸਮੱਗਰੀ, ਮੈਡੀਕਲ ਕਿੱਟ ਆਦਿ ਸ਼ਾਮਲ ਸਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ 2 ਮਹੀਨੇ ਬਾਅਦ ਉਨ੍ਹਾਂ ਦੇ ਪੱਕੇ ਪੇਪਰ ਹੋਣੇ ਹਨ। ਅਜਿਹੇ ਵਿੱਚ ਉਨ੍ਹਾਂ ਦਾ ਸਾਮਾਨ ਗਾਇਬ ਕਰਨਾ, ਉਨ੍ਹਾਂ ਦੇ ਸਿੱਖਿਅਕ ਕਰੀਅਰ ਨੂੰ ਤਬਾਹ ਕਰਨਾ ਹੈ। ਵਿਦਿਆਰਥੀਆਂ ਨੇ ਡੀਸੀ ਪਠਾਨਕੋਟ ਅਦਿੱਤਿਆ ਉੱਪਲ ਅਤੇ ਐੱਸਐੱਸਪੀ ਦਲਜਿੰਦਰ ਸਿੰਘ ਢਿਲੋਂ ਨੂੰ ਮੇਲ ਰਾਹੀਂ ਸ਼ਿਕਾਇਤ ਕਰ ਦਿੱਤੀ ਹੈ ਜਦ ਕਿ ਪੁਲੀਸ ਥਾਣਾ ਮਾਮੂਨ ਕੈਂਟ ਵਿੱਚ ਉਨ੍ਹਾਂ ਖੁਦ ਹਾਜ਼ਰ ਹੋ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਵਿਦਿਆਰਥੀ ਪੁਲੀਸ ਸੁਰੱਖਿਆ ਵਿੱਚ ਹੀ ਸਾਮਾਨ ਲੈਣ ਲਈ ਹੋਸਟਲ ਗਏ ਸਨ ਪਰ ਕਮਰਿਆਂ ਵਿੱਚੋਂ ਸਾਮਾਨ ਗਾਇਬ ਹੁੰਦਾ ਦੇਖ ਕੇ ਉਹ ਕਾਲਜ ਮੈਨੇਜਮੈਂਟ ਨੂੰ ਕੋਸਣ ਲੱਗੇ। ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ ਇੱਕ ਵੀ ਕਮਰਾ ਅਜਿਹਾ ਨਹੀਂ ਸੀ ਜਿੱਥੇ ਤਾਲੇ ਨਾਲ ਛੇੜਛਾੜ ਜਾਂ ਤੋੜਿਆ ਨਾ ਗਿਆ ਹੋਵੇ। ਕਾਫੀ ਬੱਚਿਆਂ ਦੇ ਮਾਪੇ ਵੀ ਪੁੱਜੇ ਹੋਏ ਸਨ। ਕਾਲਜ ਅਤੇ ਹਸਪਤਾਲ ਦੇ ਕੰਮਕਾਜ ਨੂੰ ਲੈ ਕੇ ਵਿਵਾਦ ਪੈਦਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਕਰੀਬ 2 ਮਹੀਨੇ ਪਹਿਲਾਂ ਨੂੰ ਕਾਲਜ ਛੱਡ ਦਿੱਤਾ ਸੀ। ਇੱਕ ਵਿਦਿਆਰਥੀ ਸਤਿਅਮ ਗੁਪਤਾ ਦੇ ਪਿਤਾ ਰਾਕੇਸ਼ ਗੁਪਤਾ ਨੇ ਕਿਹਾ ਕਿ ਸਾਰੇ ਵਿਦਿਆਰਥੀ ਐੱਫਆਈਆਰ ਦਰਜ ਕਰਵਾਉਣ ਲਈ ਮਾਮੂਨ ਥਾਣੇ ਗਏ। ਹੁਣ ਤੱਕ 140 ਲੜਕੇ-ਲੜਕੀਆਂ ਨੇ ਪੁਲੀਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇੱਕ ਹੋਰ ਬੱਚੇ ਦੇ ਪਿਤਾ ਡਾਕਟਰ ਦੀਪਕ ਝਾਂਗੜਾ ਜੋ ਲੁਧਿਆਣਾ ਤੋਂ ਹਨ, ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰੇ।
ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ: ਡੀਸੀ
ਡੀਸੀ ਆਦਿੱਤਿਆ ਉੱਪਲ ਦਾ ਕਹਿਣਾ ਸੀ ਕਿ ਉਹ ਮਾਪਿਆਂ ਅਤੇ ਮੈਨੇਜਮੈਂਟ ਵਿਚਾਲੇ ਇੱਕ ਪੁਲ ਵਜੋਂ ਕੰਮ ਕਰ ਰਹੇ ਹਨ। ਕਿਸੇ ਨਾਲ ਵੀ ਕੋਈ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ, ਉਹ ਇਹ ਪੜਤਾਲ ਕਰ ਰਹੇ ਹਨ ਕਿ ਕੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੁਆਰਾ ਲਗਾਏ ਗਏ ਦੋਸ਼ ਸਹੀ ਹਨ ਜਾਂ ਨਹੀਂ। ਇਸ ਤੋਂ ਬਾਅਦ ਹੀ ਉਹ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਇਸ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਹੋਵੇਗੀ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਲਾਰੀਆ ਜਾਂ ਪ੍ਰਬੰਧਕੀ ਕਮੇਟੀ ਦਾ ਕੋਈ ਹੋਰ ਮੈਂਬਰ ਟਿੱਪਣੀ ਲਈ ਉਪਲਬਧ ਨਹੀਂ ਸੀ।